*ਹੁਣ ਤੱਕ 10056 ਸ਼ਰਨਾਰਥੀਆਂ ਨੂੰ ਦਿੱਤੀ ਜਾ ਚੁੱਕੀ ਹੈ ਰਿਹਾਇਸ਼
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਰੂਸ ਨਾਲ ਜੰਗ ਲੱਗਣ ਤੋਂ ਬਾਅਦ ਸੈਂਕੜੇ ਯੂਕਰੇਨੀ ਲੋਕਾਂ ਨੇ ਯੂਕੇ ਵਿੱਚ ਪਨਾਹ ਲਈ ਹੈ। ਇਸ ਦੌਰਾਨ ਹੀ ਸਕਾਟਲੈਂਡ ਨੇ ਵੀ ਆਪਣੇ ਦਰਵਾਜ਼ੇ ਯੂਕਰੇਨੀ ਸ਼ਰਨਾਰਥੀਆਂ ਲਈ ਖੋਲ੍ਹੇ ਹਨ। ਸਕਾਟਿਸ਼ ਸਰਕਾਰ ਦੁਆਰਾ ਯੂਕਰੇਨੀ ਸ਼ਰਨਾਰਥੀਆਂ ਦੀ ਰਿਹਾਇਸ਼ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਤਹਿਤ ਸਰਕਾਰ ਦੁਆਰਾ ਇਹਨਾਂ ਲੋਕਾਂ ਨੂੰ ਰਿਹਾਇਸ਼ ਪ੍ਰਦਾਨ ਕਰਨ ਲਈ ਇੱਕ ਦੂਜੇ ਸਮੁੰਦਰੀ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਜਹਾਜ਼ ਐਮ ਐਸ ਐਬੀਸ਼ਨ ਗਲਾਸਗੋ ਵਿੱਚ ਸਥਿਤ ਹੋਵੇਗਾ ਅਤੇ ਸਤੰਬਰ ਤੱਕ ਇਸਦੇ ਪੂਰੀ ਤਰ੍ਹਾਂ ਚਾਲੂ ਹੋਣ ਦੀ ਉਮੀਦ ਹੈ। ਇਹ ਜਹਾਜ਼ ਤਕਰੀਬਨ 1,750 ਲੋਕਾਂ ਦੀ ਮੇਜ਼ਬਾਨੀ ਕਰਨ ਦੇ ਯੋਗ ਹੋਵੇਗਾ ਜਿਨ੍ਹਾਂ ਨੂੰ ਸੁਪਰ ਸਪਾਂਸਰ ਸਕੀਮ ਅਤੇ ਯੂਕੇ ਸਰਕਾਰ ਹੋਮਜ਼ ਫਾਰ ਯੂਕਰੇਨ ਸਕੀਮ ਦੁਆਰਾ ਸਕਾਟਲੈਂਡ ਵਿੱਚ ਜਗ੍ਹਾ ਦੀ ਪੇਸ਼ਕਸ਼ ਕੀਤੀ ਗਈ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ 1,600 ਤੋਂ ਵੱਧ ਯੂਕਰੇਨੀਅਨ ਇੱਕ ਹੋਰ ਸਮੁੰਦਰੀ ਜਹਾਜ਼ ਐਮ ਐਸ ਵਿਕਟੋਰੀਆ ‘ਚ ਰੱਖੇ ਗਏ ਹਨ, ਜੋ ਕਿ ਐਡਿਨਬਰਾ ਦੇ ਲੀਥ ਵਿਖੇ ਹੈ। ਸਕਾਟਿਸ਼ ਸਰਕਾਰ ਦੀ ਸੁਪਰ ਸਪਾਂਸਰ ਸਕੀਮ ਦੇ ਤਹਿਤ ਤਕਰੀਬਨ 10,056 ਯੂਕਰੇਨੀ ਸ਼ਰਨਾਰਥੀਆਂ ਨੂੰ ਪਨਾਹ ਦੀ ਪੇਸ਼ਕਸ਼ ਕੀਤੀ ਗਈ ਹੈ । ਇਸ ਬਾਰੇ ਬੋਲਦਿਆਂ ਯੂਕਰੇਨ ਦੇ ਸ਼ਰਨਾਰਥੀਆਂ ਲਈ ਵਿਸ਼ੇਸ਼ ਜ਼ਿੰਮੇਵਾਰੀ ਵਾਲੇ ਮੰਤਰੀ ਨੀਲ ਗ੍ਰੇ ਕਿਹਾ ਕਿ ਗਲਾਸਗੋ ਵਿੱਚ ਦੂਜਾ ਜਹਾਜ਼ ਸੁਰੱਖਿਅਤ ਰਿਹਾਇਸ਼ ਪ੍ਰਦਾਨ ਕਰਨ ਦੀ ਸਰਕਾਰ ਦੀ ਯੋਗਤਾ ਨੂੰ ਵਧਾਏਗਾ। ਉਹਨਾਂ ਕਿਹਾ ਕਿ ਇਸ ਸਮੇਂ ਜੰਗ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਹੈ ਤੇ ਸਰਕਾਰ ਯੂਕਰੇਨੀ ਲੋਕਾਂ ਦਾ ਸਮਰਥਨ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।