ਸਕਾਟਲੈਂਡ: ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਚੂਹਿਆਂ ਦੀ ਛਾਉਣੀ ਬਣੀ ਰਾਜਧਾਨੀ

0
260
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ ਸਫਾਈ ਕਾਮਿਆਂ ਵੱਲੋਂ ਤਨਖਾਹ ਵਾਧੇ ਸੰਬੰਧੀ ਮੁੱਦਿਆਂ ਨੂੰ ਲੈ ਕੇ ਕੀਤੀ ਹੜਤਾਲ ਕਾਰਨ ਚੂਹਿਆਂ ਦਾ ਸੰਕਟ ਪੈਦਾ ਹੋ ਗਿਆ ਹੈ। ਕਰਮਚਾਰੀਆਂ ਦੀ ਹੜਤਾਲ ਦੇ ਨਤੀਜੇ ਵਜੋਂ ਸ਼ਹਿਰ ਵਿੱਚ ਭੋਜਨ ਦੀ ਰਹਿੰਦ-ਖੂੰਹਦ, ਨੱਕੋ ਨੱਕ ਭਰੇ ਬਿਨ ਅਤੇ ਕੂੜੇ ਦੇ ਪਹਾੜ ਇਕੱਠੇ ਹੋਏ ਪਏ ਹਨ।ਇਸੇ ਵਜ੍ਹਾ ਕਾਰਨ ਐਡਿਨਬਰਾ ਚੂਹਿਆਂ ਦੀ ਛਾਉਣੀ ਬਣਦਾ ਨਜ਼ਰ ਆ ਰਿਹਾ ਹੈ। ਜਿਕਰਯੋਗ ਹੈ ਕਿ ਸ਼ਹਿਰ ਦੇ ਕਾਮਿਆਂ ਨੇ ਪਿਛਲੇ ਹਫ਼ਤੇ 3% ਤਨਖਾਹ ਦੀ ਪੇਸ਼ਕਸ਼ ‘ਤੇ ਸੁਧਾਰ ਕਰਨ ਦੀ ਕੋਸ਼ਿਸ਼ ਵਿੱਚ 12 ਦਿਨਾਂ ਦੀ ਹੜਤਾਲ ਸ਼ੁਰੂ ਕੀਤੀ ਹੈ। ਇਹਨੀਂ ਦਿਨੀਂ ਐਡਿਨਬਰਾ ਵਿੱਚ ਵੱਖ ਵੱਖ ਮੇਲਿਆਂ ਕਾਰਨ ਸੈਲਾਨੀਆਂ ਦੀ ਗਿਣਤੀ ਸਿਖਰ ‘ਤੇ ਹੈ। ਜਨਤਕ ਖੇਤਰ ਦੀਆਂ ਯੂਨੀਅਨਾਂ ਨੇ ਸੋਮਵਾਰ ਨੂੰ ਨਵੀਂ 5% ਤਨਖਾਹ ਦੀ ਪੇਸ਼ਕਸ਼ ਨੂੰ ਪੱਕਾ ਕਰਨ ਲਈ, ਦੇਸ਼ ਦੀਆਂ 32 ਕੌਂਸਲਾਂ ਲਈ ਅੰਬਰੇਲਾ ਸੰਸਥਾ, ਸਕਾਟਿਸ਼ ਲੋਕਲ ਅਥਾਰਟੀਜ਼ (ਕੋਸਲਾ) ਦੀ ਕਨਵੈਨਸ਼ਨ ਨਾਲ ਗੱਲਬਾਤ ਦਾ ਇੱਕ ਹੋਰ ਦੌਰ ਕੀਤਾ। ਇਹਨਾਂ ਕਰਮਚਾਰੀਆਂ ਦੀਆਂ ਹੜਤਾਲਾਂ ਹੋਰ ਖੇਤਰਾਂ ਵਿੱਚ ਫੈਲਣ ਦੇ ਵੀ ਆਸਾਰ ਹਨ, ਨਰਸਰੀ ਅਤੇ ਸਕੂਲ ਦੇ ਕਰਮਚਾਰੀ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਹਿੱਸਾ ਲੈਣਗੇ। ਸੋਮਵਾਰ ਨੂੰ ਨਿਕੋਲਾ ਸਟਰਜਨ ਨੇ ਕਿਹਾ ਕਿ ਉਸਦੀ ਸਰਕਾਰ ਸਕਾਟਲੈਂਡ ਦੀਆਂ ਕੌਂਸਲਾਂ ਨੂੰ ਸਹੀ ਢੰਗ ਨਾਲ ਫੰਡ ਦੇਣ ਵਿੱਚ ਲਗਾਤਾਰ ਅਸਫਲ ਰਹੀ ਹੈ, ਜਿਸ ਕਾਰਨ ਉਹਨਾਂ ਲਈ ਇੱਕ ਬਿਹਤਰ ਫੰਡ ਦੇਣਾ ਬਹੁਤ ਮੁਸ਼ਕਲ ਹੋ ਗਿਆ ਹੈ। ਹੁਣ ਤਾਜ਼ਾ ਹਾਲਾਤ ਇਹ ਹਨ ਕਿ ਸਫਾਈ ਕਾਮਿਆਂ ਦੀ ਹੜਤਾਲ ਕਾਰਨ ਐਡਿਨਬਰਾ ਸ਼ਹਿਰ ਸੈਲਾਨੀਆਂ ਅਤੇ ਵਸਨੀਕਾਂ ਦੀ ਭੀੜ ਦੇ ਚਲਦਿਆਂ ਫੁੱਟਪਾਥਾਂ ‘ਤੇ ਭੋਜਨ ਦੀ ਰਹਿੰਦ-ਖੂੰਹਦ ਨਾਲ ਢੱਕਿਆ ਹੋਇਆ ਹੈ, ਟੇਕਵੇਅ ਭੋਜਨ ਦੇ ਡੱਬਿਆਂ ਕਰਕੇ ਬਿਨ ਭਰੇ ਹੋਏ ਹਨ। ਜੇਕਰ ਕਰਮਚਾਰੀਆਂ ਦੀ ਹੜਤਾਲ ਨੂੰ ਖਤਮ ਕਰਵਾਉਣ ਲਈ ਸਰਕਾਰ ਯੋਗ ਕਦਮ ਨਹੀਂ ਉਠਾਉਂਦੀ ਤਾਂ ਲੋਕਾਂ ਨੂੰ ਹੋਰ ਵਧੇਰੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

LEAVE A REPLY

Please enter your comment!
Please enter your name here