ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-ਭਾਰਤ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਦੀ ਚਰਚਾ ਵਿਸ਼ਵ ਭਰ ਵਿੱਚ ਹੋ ਰਹੀ ਹੈ। ਦੇਸ਼ ਵਿਦੇਸ਼ ਵਿੱਚ ਵਸਦੇ ਕਿਸਾਨ ਮਜ਼ਦੂਰ ਪੱਖੀ ਲੋਕ ਜਿੱਥੇ ਆਰਥਿਕ ਮੱਦਦ ਲਈ ਅੱਗੇ ਆਏ, ਉੱਥੇ ਮਾਨਸਿਕ ਤੌਰ ‘ਤੇ ਵੀ ਪਲ ਪਲ ਅੰਦੋਲਨ ਨਾਲ ਜੁੜੇ ਹੋਏ ਹਨ। ਅਰਦਾਸਾਂ, ਦੁਆਵਾ ਰਾਹੀਂ ਅੰਦੋਲਨ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਜਾ ਰਹੀ ਹੈ।ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਜਾਣੇ ਜਾਂਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਸਰਬੱਤ ਦੇ ਭਲੇ ਅਤੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਮਿਹਨਤੀ ਪੰਜਾਬੀ ਸੇਵਾਦਾਰ ਨੌਜਵਾਨਾਂ ਵੱਲੋਂ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਸਨ, ਜਿਹਨਾਂ ਦੇ ਭੋਗ ਪਾਏ ਗਏ। ਇਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਬੀਰ ਸਿੰਘ ਅਤੇ ਭਾਈ ਭਲਵਿੰਦਰ ਸਿੰਘ ਦੇ ਜੱਥੇ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬਿੱਟੂ ਗਲਾਸਗੋ ਦੀ ਅਗਵਾਈ ਵਿੱਚ ਨੌਜਵਾਨ ਸੇਵਾਦਾਰਾਂ ਵੱਲੋਂ ਸੇਵਾ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਗਿਆ। ਬਿੱਟੂ ਗਲਾਸਗੋ ਅਤੇ ਕੁਲਦੀਪ ਗਰੇਵਾਲ ਵੱਲੋਂ ਸਮੂਹ ਸਾਥੀ ਨੌਜਵਾਨਾਂ ਦੀ ਤਰਫੋਂ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਕਿਸਾਨ ਅੰਦੋਲਨ ਦਾ ਸਾਥ ਬਣਾਈ ਰੱਖਣ। ਸੱਚੇ ਦਿਲੋਂ ਦਿੱਤੇ ਸਰੀਰਕ ਸਾਥ ਅਤੇ ਮਾਨਸਿਕ ਬਲ ਕਰਕੇ ਜੁਝਾਰੂ ਯੋਧੇ ਜੇਤੂ ਹੋਕੇ ਘਰਾਂ ਨੂੰ ਜਰੂਰ ਪਰਤਣਗੇ।
Boota Singh Basi
President & Chief Editor