ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਫੈਲਣ ਨੂੰ ਰੋਕਣ ਲਈ ਸਟਰਜਨ ਸਰਕਾਰ ਕਾਫੀ ਚਿੰਤਤ ਹੈ। ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਚੇਤਾਵਨੀ ਦਿੰਦਿਆਂ ਦੱਸਿਆ ਹੈ ਕਿ ਓਮੀਕਰੋਨ ਵੇਰੀਐਂਟ ਦੁਆਰਾ ਪੈਦਾ ਹੋਏ ਖਤਰੇ ਦਾ ਮੁਕਾਬਲਾ ਕਰਨ ਲਈ ਯਾਤਰਾ ‘ਤੇ ਹੋਰ ਪਾਬੰਦੀਆਂ ਦੀ ਜ਼ਰੂਰਤ ਹੋ ਸਕਦੀ ਹੈ, ਜਿਸ ਤਹਿਤ ਇੰਗਲੈਂਡ ਨਾਲ ਸਰਹੱਦ ਨੂੰ ਬੰਦ ਕਰਨਾ ਇੱਕ ’’ਆਖਰੀ ਉਪਾਅ’’ ਹੋਵੇਗਾ। ਇੰਗਲੈਂਡ ਵਿੱਚ ਇਸ ਨਵੇਂ ਕੋਵਿਡ -19 ਰੂਪ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਯੂਕੇ ਸਰਕਾਰ ਦੁਆਰਾ ਨਵੀਆਂ ਯਾਤਰਾ ਪਾਬੰਦੀਆਂ ਲਗਾਈਆਂ ਜਾਣ ‘ਤੇ ਸਟਰਜਨ ਨੇ ਜਾਣਕਾਰੀ ਦਿੱਤੀ ਹੈ ਕਿ ਵਾਇਰਸ ਤੋਂ ਸੁਰੱਖਿਆ ਲਈ ਸਕਾਟਲੈਂਡ ਵੀ ਯਾਤਰਾ ਪਾਬੰਦੀਆਂ ਲਗਾਏਗਾ, ਜਿਸ ਤਹਿਤ ਯੂਕੇ ਪਹੁੰਚਣ ਵਾਲੇ ਸਾਰੇ ਯਾਤਰੀਆਂ ਨੂੰ ਪੀ ਸੀ ਆਰ ਟੈਸਟ ਕਰਵਾਉਣ ਦੀ ਜ਼ਰੂਰਤ ਹੋਏਗੀ ਅਤੇ ਜਦੋਂ ਤੱਕ ਉਨ੍ਹਾਂ ਨੂੰ ਨਕਾਰਾਤਮਕ ਨਤੀਜਾ ਨਹੀਂ ਮਿਲਦਾ ਉਦੋਂ ਤੱਕ ਉਹ ਇਕਾਂਤਵਾਸ ਰਹਿਣਗੇ। ਇਹ ਨਿਯਮ ਹਰੇਕ ‘ਤੇ ਲਾਗੂ ਹੋਵੇਗਾ, ਚਾਹੇ ਉਹਨਾਂ ਦੀ ਕੋਰੋਨਾ ਟੀਕਾਕਰਨ ਸਥਿਤੀ ਕੋਈ ਵੀ ਹੋਵੇ। ਜਿਕਰਯੋਗ ਹੈ ਕਿ ਸਕਾਟਲੈਂਡ ਅਤੇ ਇੰਗਲੈਂਡ ਵਿਚਕਾਰ ਸਰਹੱਦ ਪਾਰ ਦੀ ਯਾਤਰਾ ‘ਤੇ ਪਹਿਲਾਂ ਵੀ ਮਹਾਂਮਾਰੀ ਦੇ ਦੌਰਾਨ ਪਾਬੰਦੀ ਲਗਾਈ ਗਈ ਸੀ, ਜਿਸ ਦੌਰਾਨ ਲੋਕਾਂ ਨੂੰ ਸਿਰਫ ਜ਼ਰੂਰੀ ਕਾਰਨਾਂ ਜਿਵੇਂ ਕਿ ਸਿਹਤ ਸੰਭਾਲ, ਕੰਮ ਜਾਂ ਦੇਖਭਾਲ ਦੀਆਂ ਡਿਊਟੀਆਂ ਲਈ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
Boota Singh Basi
President & Chief Editor