* ਸਰਕਾਰੀ ਸੈਕੰਡਰੀ ਸਮਾਰਟ ਸਕੂਲ ਮਾਨਸਾ ਵਿਖੇ ਕਰਵਾਇਆ ਕਾਨੂੰਨੀ ਜਾਗਰੂਕਤਾ ਸੈਮੀਨਾਰ
ਮਾਨਸਾ (ਸਾਂਝੀ ਸੋਚ ਬਿਊਰੋ) -ਯੌਨ ਸ਼ੋਸ਼ਨ, ਵਿਸ਼ੇਸ਼ ਕਰਕੇ ਬੱਚਿਆਂ ਦਾ, ਇੱਕ ਗੰਭੀਰ ਸਮੱਸਿਆ ਹੈ ਜਿਸ ਦੇ ਚਲਦਿਆਂ ਸਮਾਜ ਨੂੰ ਬਹੁਤ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੌਨ ਸ਼ੋਸ਼ਨ ਦੀ ਰੋਕਥਾਮ ਲਈ ਅਤੇ ਸ਼ਿਕਾਰ ਪੀੜਤਾਂ ਦੇ ਨਿਆਂ ਲਈ ਬਹੁਤ ਸਾਰੀਆਂ ਸਖ਼ਤ ਕਾਨੂੰਨੀ ਵਿਵਸਥਾਵਾਂ ਮੌਜੂਦ ਹਨ। ਸਕੂਲੀ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਵਿਵਸਥਾਵਾਂ ਬਾਰੇ ਜਾਣਕਾਰੀ ਹਾਸਲ ਕਰਕੇ ਯੌਨ ਸ਼ੋਸ਼ਨ ਵਿਰੁੱਧ ਮੁਹਿੰਮ ਦਾ ਹਿੱਸਾ ਬਣਨ ਤਾਂ ਕਿ ਔਰਤਾਂ, ਵਿਸ਼ੇਸ਼ ਕਰਕੇ ਬੱਚਿਆਂ ਨੂੰ ਸੋਸ਼ਨ ਤੋਂ ਬਚਾਇਆ ਜਾ ਸਕੇ ਅਤੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਵਕੀਲ ਬਲਵੰਤ ਭਾਟੀਆ ਨੇ ਸਥਾਨਕ ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਵਿਖੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਭਾਟੀਆ ਨੇ ਦੱਸਿਆ ਕਿ ਜ਼ਿਲਾ ਅਤੇ ਸੈਸ਼ਨ ਜੱਜ ਮੈਡਮ ਨਵਜੋਤ ਕੌਰ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਕਾਨੂੰਨੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਮੁਹਿੰਮ ਦਾ ਮੁੱਖ ਮਕਸਦ ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਕਾਨੂੰਨ ਬਾਰੇ ਜਾਗਰੂਕਤਾ ਪੈਦਾ ਕਰਕੇ ਉਹਨਾਂ ਨੂੰ ਸੁਰੱਖਿਅਤ ਵਾਤਾਵਰਨ ਮੁਹੱਈਆ ਕਰਵਾਉਣਾ ਹੈ। ਉਨਾਂ ਮੁਫਤ ਕਾਨੂੰਨੀ ਸੇਵਾਵਾਂ, ਪੌਕਸੋ ਐਕਟ 2012 ਅਤੇ ਔਰਤਾਂ ਦੀ ਘਰੇਲੂ ਹਿੰਸਾ ਤੋਂ ਸੁਰੱਖਿਆ ਸਬੰਧੀ ਕਾਨੂੰਨ ਉੱਪਰ ਵਿਸਥਾਰ ਸਹਿਤ ਚਰਚਾ ਕੀਤੀ। ਇਸ ਮੌਕ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਰਾਣੀ, ਡਾ. ਗੁਰਪ੍ਰੀਤ ਕੌਰ, ਐਡਵੋਕੇਟ ਮੰਜੂ ਬਾਲਾ ਨੇ ਵੀ ਸੰਬੋਧਨ ਕੀਤਾ।
Boota Singh Basi
President & Chief Editor