ਸਟੱਡੀ ਸਰਕਲ ਵੱਲੋਂ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਅੰਤਰ-ਭਾਸ਼ਾਈ ਕਵੀ-ਦਰਬਾਰ ਆਯੋਜਿਤ

0
260

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਮਾਤ- ਭਾਸ਼ਾ ਦਿਵਸ ਨੂੰ ਸਮਰਪਿਤ ਆਨਲਾਈਨ ਅੰਤਰ-ਭਾਸ਼ਾਈ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਇਸ ਸੰਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਸਟੱਡੀ ਸਰਕਲ ਦੇ ਅਦਾਰੇ ਪੰਜਾਬੀ ਭਾਸ਼ਾ ਵਿਕਾਸ ਤੇ ਪਸਾਰ ਕੇਂਦਰ ਦੇ ਜਨਰਲ ਸਕੱਤਰ ਡਾ• ਅਮਰੀਕ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿਚ ਦੇਸ-ਵਿਦੇਸ਼ ਵਿਚੋਂ ਵੱਖ-ਵੱਖ ਭਾਸ਼ਾਵਾਂ ਨਾਲ ਜੁੜੇ ਪ੍ਰਸਿੱਧ 21 ਕਵੀਆਂ ਨੇ ਆਪੋ-ਆਪਣੇ ਵਿਲੱਖਣ ਅੰਦਾਜ਼ ਵਿਚ ਕਵਿਤਾਵਾਂ ਪੇਸ਼ ਕੀਤੀਆਂ। ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕਵੀਆਂ ਡਾ• ਹਰੀ ਸਿੰਘ ਜਾਚਕ , ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਜਸਵਿੰਦਰ ਜਲੰਧਰੀ, ਸੰਜੀਵ ਸਿੰਘ ਨਿਮਾਣਾ, ਪ੍ਰੋ• ਤੇਜਿੰਦਰਪਾਲ ਕੌਰ, ਪ੍ਰੋ• ਨਵ ਸੰਗੀਤ ਸਿੰਘ, ਡਾ• ਭੁਪਿੰਦਰ ਕੌਰ ਕਵਿਤਾ, ਕੁਲਵਿੰਦਰ ਕੌਰ ਨੰਗਲ ਤੇ ਮੀਤ ਨਿਮਾਣ ਨੇ ਹਾਜਰੀ ਲਗਾਈ। ਉਰਦੂ ਕਵਿਤਾ ਲਈ ਜ਼ਮੀਰ ਅਲੀ ਜ਼ਮੀਰ ਤੇ ਬੀਬੀ ਨਜ਼ਮਾ ਖਾਤੂਨ ਹਾਜਰ ਸਨ। ਹਿੰਦੀ ਕਵੀਆਂ ਵਜੋਂ ਡਾ• ਚਮਨ ਲਾਲ ਬੰਗਾ ਤੇ ਡਾ• ਮਨਜੀਤ ਕੌਰ ਜੈਪੁਰ ਨੇ ਚੰਗਾ ਰੰਗ ਬੰਨ੍ਹਿਆ। ਬੰਗਾਲੀ ਭਾਸ਼ਾ ਵਿਚ ਸ੍ਰੀ ਚੰਦਨ ਮਾਂਝੀ ਅਤੇ ਸ੍ਰੀਮਤੀ ਬੈਸਾਖੀ ਸਾਹਾ ਨੇ ਮਾਤ-ਭਾਸ਼ਾ ਦੀ ਮਹੱਤਤਾ ਦਰਸਾਉਂਦੀਆਂ ਕਵਿਤਾਵਾਂ ਪੜ੍ਹੀਆਂ। ਉੜੀਆ ਕਵੀ ਬਿਰਜ ਭਾਰਤੀ ਦਾਸ ਨੇ ਆਪਣੀ ਕਵਿਤਾ ਵਿਚ ਦੇਸੀ ਸਭਿਆਚਾਰ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਮਰਾਠੀ ਕਵੀ ਕੈਲਾਸ਼ ਠਾਕੁਰ ਨੇ ਮਹਾਂਰਾਸ਼ਟਰੀ ਆਂਚਲਿਕਤਾ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਅੰਤ ਵਿਚ ਡਾ• ਬਲਵਿੰਦਰ ਪਾਲ ਸਿੰਘ ਨੇ ਸਮੂਹ ਹਾਜ਼ਰ ਕਵੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਅੱਗੇ ਵਾਸਤੇ ਵੀ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਸਭ ਨੂੰ ਪੁਰਜ਼ੋਰ ਅਪੀਲ ਕੀਤੀ। ਪੰਜਾਬੀ ਭਾਸ਼ਾ ਵਿਕਾਸ ਕੇਂਦਰ ਦੀ ਪ੍ਰਧਾਨ ਡਾ• ਸਰਬਜੋਤ ਕੌਰ ਨੇ ਸਮੂਹ ਪ੍ਰਬੰਧਕਾਂ ਨੂੰ ਇਸ ਕਵੀ ਦਰਬਾਰ ਦੇ ਸਫਲ ਆਯੋਜਨ ਲਈ ਮੁਬਾਰਕਬਾਦ ਦਿੱਤੀ। ਇਸ ਆਨਲਾਈਨ ਕਵੀ ਦਰਬਾਰ ਵਿਚ ਸਟੱਡੀ ਸਰਕਲ ਦੇ ਟਰੱਸਟੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ-ਰਸੀਏ ਮੌਜੂਦ ਸਨ।

LEAVE A REPLY

Please enter your comment!
Please enter your name here