ਅੰਮ੍ਰਿਤਸਰ,(ਰਾਜਿੰਦਰ ਰਿਖੀ) -ਪਿਛਲੇ ਦਿਨੀ ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਦੇ ਓ.ਐੱਸ.ਡੀ. ਵੱਲੋਂ ਅਕਾਦਮਿਕ ਵਰ੍ਹੇ 2021-22 ਲਈ ਤਿਆਰ ਕੀਤੇ ਗਏ ਟਾਈਮ ਟੇਬਲ ਵਿਚ ਬੀ.ਏ., ਬੀ.ਐੱਸਸੀ ਕੰਪਿਊਟਰ ਸਾਇੰਸ, ਬੀ.ਐੱਸਸੀ ਨਾਨ ਮੈਡੀਕਲ ਅਤੇ ਬੀ.ਕਾਮ, ਸਮੈਸਟਰ ਪਹਿਲਾ ਤੀਜਾ ਅਤੇ ਪੰਜਵਾਂ ਦੀਆਂ ਕਲਾਸਾਂ ਨੂੰ ਮਰਜ਼ ਕਰਕੇ ਜ਼ਬਰਨ ਤਿੰਨ ਅਧਿਆਪਕਾਂ ਡਾ. ਗੁਰਪ੍ਰੀਤ ਸਿੰਘ, ਡਾ.ਜਤਿੰਦਰ ਕੌਰ ਅਤੇ ਪ੍ਰੋਫੈਸਰ ਅਰੁਣ ਗੋਸਾਂਈ ਨੂੰ ਰਿਲੀਵ ਕਰਨ ਦੀ ਯੋਜਨਾ ਘੜੀ ਗਈ ਜਿਸ ਦੇ ਵਿਰੋਧ ਵਿਚ ਪਿਛਲੇ ਪੰਜ ਦਿਨਾਂ ਤੋਂ ਕਾਲਜ ਦੇ ਐਡਹਾਕ ਅਧਿਆਪਕਾਂ ਦੁਆਰਾ ਕਾਲਜ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਜਾਰੀ ਹੈ। ਵਾਰ-ਵਾਰ ਯੂਨੀਵਰਸਿਟੀ ਪ੍ਰਸਾਸ਼ਨ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਜਿਸਦਾ ਕੋਈ ਵੀ ਸਿੱਟਾ ਨਹੀਂ ਕੱਢਿਆ ਗਿਆ। ਇਸਦੇ ਨਤੀਜੇ ਵਜੋਂ ਅੱਜ ਕਾਲਜ ਦੇ ਮੁੱਖ ਗੇਟ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸੋਸੀਏਸ਼ਨ ਆਫ ਐਡਹਾਕ ਟੀਚਰਜ਼ ਦੇ ਕੁਝ ਹੋਰਨਾਂ ਸਾਥੀਆਂ ਤੋਂ ਇਲਾਵਾ ਕਾਲਜ ਵਿਚ ਪੜ੍ਹ ਰਹੇ ਬੱਚਿਆਂ ਨੇ ਵੀ ਸਹਾਇਕ ਪ੍ਰੋਫੈਸਰਾਂ ਦਾ ਸਹਿਯੋਗ ਕੀਤਾ। ਐਸੋਸੀਏਸ਼ਨ ਦੇ ਮੈਂਬਰਾਂ ਨੇ ਫਿਰ ਤੋਂ ਇਹ ਘੋਸ਼ਣਾ ਕੀਤੀ ਕਿ ਜਦ ਤੱਕ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾਵੇਗਾ ਉਦੋਂ ਤੱਕ ਇਹ ਸ਼ਾਂਤਮਈ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਸਠਿਆਲਾ ਕਾਲਜ ਦੇ ਅਧਿਆਪਕਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ,ਜਲੰਧਰ, ਪਠਾਨਕੋਟ, ਨਿਆੜੀ ਅਤੇ ਪੱਟੀ ਤੋਂ ਵੀ ਕੁਝ ਅਧਿਆਪਕਾਂ ਨੇ ਇਸ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ।
Boota Singh Basi
President & Chief Editor