ਸਤਿ ਸ੍ਰੀ ਅਕਾਲ ਜੀ, ਕਿਰਪਾ ਕਰਕੇ ਕਹਾਣੀ ਦਰਬਾਰ ਬਾਰੇ ਲਿਖਤ ਪ੍ਰਵਾਨ ਕਰਨਾ ਜੀ।

0
15
Screenshot
ਸਤਿ ਸ੍ਰੀ ਅਕਾਲ ਜੀ, ਕਿਰਪਾ ਕਰਕੇ ਕਹਾਣੀ ਦਰਬਾਰ ਬਾਰੇ ਲਿਖਤ ਪ੍ਰਵਾਨ ਕਰਨਾ ਜੀ।

ਹੱਡ ਬੀਤੀਆਂ ਜੱਗ ਬੀਤੀਆਂ

ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵਲੋਂ ਲਾਈਵ ਕਹਾਣੀ ਦਰਬਾਰ ‘ਹੱਡ ਬੀਤੀਆਂ ਜੱਗ ਬੀਤੀਆਂ’ ਕਰਵਾਇਆ ਗਿਆ ਜਿਸ ਵਿੱਚ ਭਾਰਤ, ਇਟਲੀ, ਜਰਮਨੀ, ਗ੍ਰੀਸ,  ਅਮਰੀਕਾ ਅਤੇ ਕਨੇਡਾ ਤੋਂ ਕਹਾਣੀਕਾਰਾਂ ਨੇ ਹਿੱਸਾ ਲਿਆ। ਲਾਈਵ ਕਹਾਣੀ ਦਰਬਾਰ ਵਿੱਚ ਕਹਾਣੀਕਾਰਾਂ ਨੇ ਰੁੱਖ ਲਗਾਉਣ, ਵਾਤਾਵਰਣ ਬਚਾਉਣ, ਬਜ਼ੁਰਗ ਮਾਂ ਬਾਪ ਦਾ ਆਪਸੀ ਪਿਆਰ, ਪਰਦੇਸੀ ਪਿਉ ਨਾਲ ਬੱਚਿਆਂ ਦਾ ਪਿਆਰ, ਪਰਦੇਸੀ ਪੁੱਤ ਦੇ ਛੁੱਟੀ ਕੱਟ ਕੇ ਜਾਣ ਮਗਰੋਂ ਮਾਪਿਆਂ ਦਾ ਹਾਲ, ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਚੰਗੇ ਅਧਿਆਪਕ ਦਾ ਯੋਗਦਾਨ, ਨਿੱਤ ਦਿਨ ਹੁੰਦੀਆਂ ਦੁਰਘਟਨਾਵਾਂ ਬਾਰੇ ਵਿਚਾਰ, ਪਾਲਤੂ ਜਾਨਵਰਾਂ ਦਾ ਵਿਹਾਰ, ਰਿਸ਼ਵਤ ਖੋਰ ਅਫ਼ਸਰ ਦੇ ਵਿਹਾਰ ਬਾਰੇ, ਸਵਾਰਥੀ ਪਰਿਵਾਰਕ ਰਿਸ਼ਤਿਆਂ ਬਾਰੇ, ਬੱਚੇ ਨੂੰ ਸਕੂਲ ਵਿੱਚ ਸਜ਼ਾ ਵਿੱਚ ਪੀਲਾ ਕਾਰਡ ਮਿਲਣਾ, ਪੁਰਾਤਨ ਪੰਜਾਬ ਦੇ ਜਿਮੀਦਾਰਾਂ ਬਾਰੇ ਆਦਿ ਵਿਸ਼ਿਆਂ ਤੇ ਵੱਖ ਵੱਖ ਕਹਾਣੀਕਾਰਾਂ ਨੇ ਆਪਣੀਆਂ ਲਿਖੀਆਂ ਕਹਾਣੀਆਂ ਬਾਖੂਬੀ ਪੇਸ਼ ਕੀਤੀਆਂ।

ਪ੍ਰੋਗਰਾਮ ‘ਹੱਡ ਬੀਤੀਆਂ ਜੱਗ ਬੀਤੀਆਂ’ ਦੀ ਸ਼ੁਰੂਆਤ ਕਰਦਿਆਂ ਕਾਫ਼ਲਾ ਪ੍ਰਧਾਨ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ ਜੀ ਨੇ ਸਭ ਨੂੰ ਜੀ ਆਇਆ ਆਖਿਆ ਤੇ ਸਭ ਦਾ ਐਨੀ ਗਰਮੀ ਵਿੱਚ ਹਾਜ਼ਰੀ ਲਗਵਾਉਣ ਲਈ ਖਾਸ ਧੰਨਵਾਦ ਕੀਤਾ। ਨਾਲ ਹੀ ਬਿੰਦਰ ਜੀ ਨੇ ਮੰਚ ਸੰਚਾਲਨ ਕਰਨ ਲਈ ਸਰਬਜੀਤ ਸਿੰਘ ਜਰਮਨੀ ਨੂੰ ਸੱਦਾ ਦਿੱਤਾ।

ਸਰਬਜੀਤ ਨੇ ਹਾਜ਼ਰੀਨ ਸਾਰੇ ਕਹਾਣੀਕਾਰਾਂ ਨੂੰ ਜੀ ਆਇਆ ਕਹਿਣ ਤੋਂ ਬਾਅਦ ਕੁਝ ਸ਼ਬਦਾਂ ਦੀ ਸਾਂਝ ਪਾਈ। ਉਹਨਾਂ ਕਿਹਾ
“ਕਹਿੰਦੇ ਹਨ ਮਾਂ ਬੋਲੀ ਪੰਜਾਬੀ ਦੇ ਸ਼ਬਦਾਂ ਦੀ ਮਹਿਕ ਜਦੋਂ ਹੱਦਾਂ ਸਰਹੱਦਾਂ ਪਾਰ ਕਰਦੀ ਹੈ ਤਾਂ ਸਾਹਿਤ ਇੱਕ ਪਰਿਵਾਰ ਬਣ ਜਾਂਦਾ ਹੈ।  ਹਰ ਕਹਾਣੀ ਇੱਕ ਅਸਲ ਬਿਰਤਾਂਤ ਬਣ ਜਾਂਦੀ ਹੈ।”
ਨਾਲ ਹੀ ਸਰਬਜੀਤ ਨੇ ਸਭ ਤੋਂ ਪਹਿਲਾਂ ਸੱਦਾ ਪ੍ਰਸਿੱਧ ਗ਼ਜ਼ਲਗੋ
ਮੁਖਤਾਰ ਸਿੰਘ ਚੰਦੀ ਜੀ, ਸੁਲਤਾਨ ਪੁਰ ਲੋਧੀ ਨੂੰ ਦਿੱਤਾ ਜਿਹਨਾਂ ਨੇ ਕਹਾਣੀ ‘ਸਾਡਾ ਕੀ ਬਣੂ’ ਵਿੱਚ ਪਰਦੇਸੀ ਪੁੱਤ ਦੇ ਪਰਿਵਾਰ ਸਮੇਤ ਪ੍ਰਦੇਸ਼ ਜਾਣ ਪਿੱਛੋਂ ਮਾਪਿਆਂ ਦਾ ਹਾਲ ਨੂੰ ਬਿਆਨ ਕੀਤਾ। ਦੂਜੇ ਸੱਦੇ ਤੇ ਪ੍ਰਿੰਸੀਪਲ ਹਰਸ਼ਰਨ ਕੌਰ ਜੀ, ਕਨੇਡਾ ਨੇ ‘ਸ਼ਮਸ਼ਾਨ ਦਾ ਰਾਹ’ ਕਹਾਣੀ ਵਿੱਚ ਇੱਕ ਬਜ਼ੁਰਗ ਔਰਤ ਦੇ ਪਰਿਵਾਰਕ ਦਰਦ ਤੇ ਕੁਦਰਤ ਨਾਲ ਪਿਆਰ ਨੂੰ ਬਾਖੂਬੀ ਪੇਸ਼ ਕੀਤਾ ਤੇ ਆਪਣੇ ਲਈ ਕੁਝ ਪਲ ਜ਼ਿੰਦਗੀ ਜਿਊਣ ਦਾ ਸੰਦੇਸ਼ ਦਿੱਤਾ। ਤੀਸਰੇ ਸੱਦੇ ਤੇ ਕਹਾਣੀਕਾਰ ਸਰਦਾਰ ਸਰਦੂਲ ਸਿੰਘ ਭੱਲਾ ਜੀ, ਪਟਿਆਲਾ ਨੇ ਕਹਾਣੀ ‘ਗੂੜਾ ਪਿਆਰ’ ਵਿੱਚ ਭ੍ਰਿਸ਼ਟ, ਰਿਸ਼ਵਤਖ਼ੋਰ ਅਫ਼ਸਰ ਦੇ ਕਿਰਦਾਰ ਤੇ ਪਰਿਵਾਰ ਦੇ ਸਵਾਰਥੀ ਰਿਸ਼ਤਿਆਂ ਬਾਰੇ ਚਾਨਣਾ ਪਾਇਆ।

ਚੌਥੇ ਸੱਦੇ ਤੇ ਪ੍ਰਿੰਸੀਪਲ ਲਖਬੀਰ ਸਿੰਘ  ਜੀ, ਪੰਜਾਬ ਨੇ ‘ਮਿੱਡੇ ਮੀਲ ਦਾ ਬੱਚਾ’ ਵਿੱਚ ਇੱਕ ਗਰੀਬ ਬੱਚੇ ਦੇ ਪੜ੍ਹਾਈ ਤੇ ਉਸ ਦੇ ਸਫ਼ਰ ਹੋਣ ਬਾਰੇ ਜਾਣਕਾਰੀ ਦਿੱਤੀ ਤੇ ਇੱਕ ਚੰਗੇ ਅਧਿਆਪਕ ਦਾ ਆਪਣੇ ਵਿਦਿਆਰਥੀ ਦੇ ਜੀਵਨ ਵਿੱਚ ਮਹਾਨ ਯੋਗਦਾਨ ਬਾਰੇ ਦੱਸਿਆ। ਪੰਜਵੇਂ ਸੱਦੇ ਤੇ ਭੈਣ ਪੋਲੀ ਬਰਾੜ ਜੀ, ਅਮਰੀਕਾ ਨੇ ਕਹਾਣੀ ‘ਲਾ-ਇਲਾਜ ਬਿਮਾਰੀਆਂ’ ਵਿੱਚ ਆਪਣੇ ਸਤਿਕਾਰਯੋਗ ਪਿਤਾ ਜੀ ਤੇ ਮਾਤਾ ਜੀ ਦੇ ਬੁਢਾਪੇ ਦੀ ਹਾਲਤ ਵਿੱਚ ਹੱਡਬੀਤੀ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਛੇਵੇਂ ਸੱਦੇ ਤੇ ਦੀਪ ਅਮਨ ਜਾਖੂ, ਗ੍ਰੀਸ ਨੇ  ਕਹਾਣੀ ‘ਫੈਸਲੇ’ ਵਿੱਚ ਇੱਕ ਪਰਦੇਸੀ ਬਾਪ ਤੇ ਉਸ ਦੀ ਪੰਜਾਬ ਚ ਰਹਿੰਦੀ ਨਿੱਕੀ ਜਿਹੀ ਧੀ ਦੇ ਆਪਸੀ  ਨਿਰਸੁਆਰਥ ਪਿਆਰ ਬਾਰੇ ਸਾਂਝ ਪਾਈ ਤੇ ਬਹੁਤ ਸਾਰੇ ਵਿਰਾਸਤੀ ਸ਼ਬਦ ਤੇ ਕਹਾਵਤਾਂ ਦੀ ਵਰਤੋਂ ਵੀ ਕੀਤੀ।
ਸੱਤਵੇਂ ਸੱਦੇ ਤੇ ਮਨਜੀਤ ਕੌਰ ਧੀਮਾਨ, ਲੁਧਿਆਣਾ ਨੇ ਕਹਾਣੀ ‘ਪੀਲ਼ਾ ਕਾਰਡ’ ਵਿੱਚ  ਇੱਕ ਵਿਦਿਆਰਥੀ ਨੂੰ ਗਲਤੀ ਕਰਨ ਤੇ ਪੀਲ਼ਾ ਕਾਰਡ ਮਿਲਣ ਬਾਰੇ ਦੱਸਿਆ, ਕੁਝ ਤਕਨੀਕੀ ਖ਼ਰਾਬੀ ਕਾਰਨ ਉਹਨਾਂ ਦੀ ਕਹਾਣੀ ਪੂਰੀ ਨਾ ਹੋ ਸਕੀ।

ਅੱਠਵੇਂ  ਸੱਦੇ ਤੇ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ ਜੀ ਨੇ  ਕਹਾਣੀ ‘ਜੀਵਨ ਦੇ ਸਾਥੀ’ ਵਿੱਚ ਇੱਕ ਬਾਪ ਵਲੋਂ ਆਪਣੇ ਹੱਥੀਂ ਲਗਾਏ ਰੁੱਖ ਦਾ ਉਸ ਦੀ ਆਪਣੀ ਚਿਖਾ ਵਿੱਚ ਵਰਤੇ ਜਾਣ ਬਾਰੇ ਸਾਂਝ ਪਾਈ ਤੇ ਹਰ ਇੱਕ ਨੂੰ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ। ਉਹਨਾਂ ਇਸ ਕਹਾਣੀ ਵਿੱਚ ਚਾਰ ਦਹਾਕੇ ਪਹਿਲਾਂ ਵਾਲਾ ਬਿਰਤਾਂਤ ਪੇਸ਼ ਕੀਤਾ ਤੇ ਗੁਰਬਾਣੀ ਦੀਆਂ ਤੁਕਾਂ ਦੇ ਕੇ ਹਵਾਲੇ ਵੀ ਦਿੱਤੇ। ਮੰਚ ਸੰਚਾਲਨ ਦੇ ਨਾਲ ਨਾਲ ਸਭ ਕਹਾਣੀਕਾਰਾਂ ਤੋਂ ਬਾਅਦ ਸਰਬਜੀਤ ਨੇ ਆਪਣੀ ਕਹਾਣੀ ‘ਦੁਰਘਟਨਾ’ ਪੇਸ਼ ਕੀਤੀ ਤੇ ਇੱਕ ਹਾਦਸੇ ਵਿੱਚ ਜ਼ਖ਼ਮੀ ਔਰਤ ਬਾਰੇ ਦੱਸਦਿਆਂ ਸੰਦੇਸ਼ ਦਿੱਤਾ ਕਿ ਸਭ ਨੂੰ ਵਾਹਨ ਸੰਭਲ਼ ਕੇ ਚਲਾਈਏ, ਨਾ ਪਹੁੰਚਣ ਨਾਲੋਂ ਚੰਗਾ ਦੇਰੀ ਨਾਲ ਪਹੁੰਚ ਜਾਈਏ, ਪਰ ਆਪਣਾ ਵਾਹਨ ਹਮੇਸ਼ਾ ਪੂਰੀ ਸਾਵਧਾਨੀ ਨਾਲ ਚਲਾਈਏ। ਪ੍ਰੋਗਰਾਮ ਦੇ ਅਖੀਰ ਵਿੱਚ ਭੈਣ ਪੋਲੀ ਬਰਾੜ ਜੀ ਨੇ ਹਾਜ਼ਰੀ ਭਰ ਰਹੇ ਸਾਰੇ ਕਹਾਣੀਕਾਰਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ ਤੇ ਅਗਲੇ ਪ੍ਰੋਗਰਾਮ ਵਿੱਚ ਇੱਕ ਨਵਾਂ ਰੰਗ ਲੈ ਕੇ ਫੇਰ ਮਿਲਣ ਦਾ ਵਾਅਦਾ ਕਰਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ।

ਸਰਬਜੀਤ ਸਿੰਘ ਜਰਮਨੀ
Tirthsingh3@yahoo.com

LEAVE A REPLY

Please enter your comment!
Please enter your name here