ਸਥਾਈ ਵਿਕਾਸ ਟੀਚੇ ਐਕਸ਼ਨ ਐਵਾਰਡ 2021: ਵੱਖ-ਵੱਖ ਵੰਨਗੀਆਂ ਦੇ 10 ਜੇਤੂਆਂ ਦਾ ਸਨਮਾਨ

0
428

* ਸਰਕਾਰੀ ਵਿਭਾਗਾਂ ਵਿਚੋਂ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ ਅਤੇ ਪੰਜਾਬ ਮਿਊਂਂਸੀਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ ਨੂੰ ਮਿਲਿਆ ਇਨਾਮ
ਚੰਡੀਗੜ੍ਹ (ਸਾਂਝੀ ਸੋਚ ਬਿਊਰੋ)-ਪੰਜਾਬ ਦੇ ਯੋਜਨਾ ਵਿਭਾਗ ਨੇ ਯੂ.ਐਨ.ਡੀ.ਪੀਜ਼ ਦੇ ਸਸਟੇਨੇਬਲ ਡਿਵੈਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਐਸ.ਡੀ.ਜੀ.ਸੀ.ਸੀ.) ਦੇ ਸਹਿਯੋਗ ਨਾਲ ਇੱਥੇ ਐਕਸ਼ਨ ਐਵਾਰਡ ਜੇਤੂਆਂ ਦਾ ਸਨਮਾਨ ਕੀਤਾ। ਇਸ ਸਮਾਗਮ ਵਿੱਚ ਡਿਪਟੀ ਰੈਜੀਡੈਂਟ ਪ੍ਰਤੀਨਿਧੀ ਯੂ.ਐਨ.ਡੀ.ਪੀ-ਇੰਡੀਆ ਨਾਦੀਆ ਰਾਸੀਦ, ਨੀਤੀ ਆਯੋਗ ਦੀ ਸਲਾਹਕਾਰ ਸੰਯੁਕਤਾ ਸਮਾਦਰ, ਯੋਜਨਾ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਅਤੇ 200 ਤੋਂ ਜ਼ਿਆਦਾ ਲੋਕਾਂ ਨੇ ਸ਼ਿਕਰਤ ਕੀਤੀ। ਐਕਸ਼ਨ ਐਵਾਰਡ 5 ਸ੍ਰੇਣੀਆਂ ਯਾਨੀ ਸਰਕਾਰੀ ਵਿਭਾਗਾਂ, ਗੈਰ ਸਰਕਾਰੀ ਸੰਗਠਨਾਂ, ਅਕਾਦਮਿਕ, ਨਿੱਜੀ ਖੇਤਰ ਅਤੇ ਮੀਡੀਆ ਨੂੰ ਦਿੱਤੇ ਗਏ, ਜਿਨਾਂ ਨੇ ਰਾਜ ਦੇ ਵਿਕਾਸ ਲਈ ਨਵੀਆਂ ਖੋਜਾਂ ਕੀਤੀਆਂ ਹਨ। ਜੇਤੂਆਂ ਨੇ ਆਪਣੇ ਵਿਲੱਖਣ ਵਿਚਾਰਾਂ ਤੇ ਖੋਜਾਂ ਰਾਹੀਂ ਸਮਾਜਿਕ ਅਤੇ ਆਰਥਿਕ ਉੱਨਤੀ, ਵਾਤਾਵਰਣ ਸਥਿਰਤਾ, ਏਕੀਕਰਨ ਅਤੇ ਕਿਸੇ ਨੂੰ ਪਿੱਛੇ ਨਾ ਛੱਡਣ ਦੀ ਪਹੁੰਚ ਸਬੰਧੀ ਮਿਸਾਲੀ ਕਾਢਾਂ ਨਾਲ ਰਾਜ ਵਿੱਚ ਟਿਕਾਊ ਵਿਕਾਸ ਦੇ ਯਤਨਾਂ ਵਿੱਚ ਯੋਗਦਾਨ ਪਾਇਆ ਹੈ। ਜੇਤੂਆਂ ਦੀ ਚੋਣ ਲਈ ਜਿਊਰੀ ਵੱਲੋਂ ਐਂਟਰੀਆਂ ਦਾ ਮੁਲਾਂਕਣ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿਚ ਰੱਖਕੇ ਕੀਤਾ ਗਿਆ। ਜਸਟਿਸ (ਸੇਵਾਮੁਕਤ) ਕੇ.ਐਸ. ਗਰੇਵਾਲ ਦੀ ਅਗਵਾਈ ਵਾਲੇ ਜਿਊਰੀ ਪੈਨਲ ਨੇ 10 ਜੇਤੂਆਂ ਅਰਥਾਤ 5 ਸ਼੍ਰੇਣੀਆਂ ਵਿੱਚੋਂ ਪਹਿਲੇ ਅਤੇ ਦੂਜੇ ਇਨਾਮ ਦੇ ਜੇਤੂਆਂ ਦੀ ਚੋਣ ਕੀਤੀ।
1. ਪੁਰਸਕਾਰ ਸ਼੍ਰੇਣੀ – ਸਰਕਾਰ
ਪਹਿਲਾ ਇਨਾਮ: ਟਿਕਾਊ ਜੈਵਿਕ ਉਤਪਾਦਨ ਅਤੇ ਨਵੀਨਤਾਕਾਰੀ ਮਾਰਕੀਟਿੰਗ ਪ੍ਰਣਾਲੀ ਲਈ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸਨ ਲਿਮਿਟੇਡ (ਪੈਗਰੈਕਸੋ)
ਦੂਸਰਾ ਇਨਾਮ: ਪੰਜਾਬ ਮਿਉਂਸੀਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ (ਪੀ.ਐਮ.ਆਈ.ਡੀ.ਸੀ.)- ਸਥਾਨਕ ਸਰਕਾਰਾਂ ਵਿਭਾਗ ਦੇ ਬਸੇਰਾ ਪ੍ਰੋਜੈਕਟ ਲਈ
2. ਪੁਰਸਕਾਰ ਸ਼੍ਰੇਣੀ – ਨਿੱਜੀ ਖੇਤਰ
ਪਹਿਲਾ ਇਨਾਮ: ਮੂਫਾਰਮ ਫਾਰਮਰ ਮੋਬਾਈਲ ਐਪਲੀਕੇਸਨ ਲਈ ਆਸਨਾ ਸਿੰਘ
ਦੂਜਾ ਇਨਾਮ: ਐਗਨੈਕਸਟ ਤਕਨਾਲੋਜੀਜ਼ ਲਈ ਤਰਨਜੀਤ ਸਿੰਘ ਭਮਰਾ
3. ਪੁਰਸਕਾਰ ਸ਼੍ਰੇਣੀ -ਅਕੈਡਮੀਆ
ਪਹਿਲਾ ਇਨਾਮ: ਬਾਇਓਡੀਗ੍ਰੇਡੇਬਲ ਐਂਟੀਮਾਈਕਰੋਬਾਇਲ ਐਕਟਿਵ ਫੂਡ ਪੈਕੇਜ ਦੇ ਵਿਕਾਸ ਲਈ ਡਾ. ਬੀ ਐਸ ਸੂਚ ਅਤੇ ਮਨਪ੍ਰੀਤ ਕੇ ਮਾਨ, ਬਾਇਓਟੈਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੂਜਾ ਇਨਾਮ: ਮੈਗਨੈਟਿਕਲੀ ਸੈਪਰੇਬਲ ਨੈਨੋ ਮਟੀਰੀਅਲਜ਼ ਐਂਡ ਰਾਈਸ ਹਸਕ ਬੇਸਡ ਵਾਟਰ ਪਿਊਰੀਫਿਕੇਸ਼ਨ ਯੂਨਿਟ ਲਈ ਡਾ. ਮੀਨਾਕਸੀ ਧੀਮਾਨ ਅਤੇ ਟੀਮ
4. ਪੁਰਸਕਾਰ ਸ਼੍ਰੇਣੀ – ਸਿਵਲ ਸੁਸਾਇਟੀ
ਪਹਿਲਾ ਇਨਾਮ: ਦਿਸਾ ਪ੍ਰੋਜੈਕਟ ਲਈ ਛੋਟੀ ਸੀ ਆਸਾ
ਦੂਜਾ ਇਨਾਮ: ਔਰਤਾਂ ਦੇ ਸਸਕਤੀਕਰਨ ਲਈ ਜੈਵਿਕ ਰਸੋਈ ਬਾਗਬਾਨੀ ਪ੍ਰੋਜੈਕਟ ਸਬੰਧੀ ਖੇਤੀ ਵਿਰਾਸਤ ਮਿਸਨ
5. ਪੁਰਸਕਾਰ ਸ਼੍ਰੇਣੀ – ਮੀਡੀਆ
ਪਹਿਲਾ ਇਨਾਮ: ਲਿੰਗ ਸਬੰਧੀ ਤੱਥਾਂ ਲਈ ਸ਼ੈਲੀ ਚੋਪੜਾ (ਸ਼ੀ ਦਾ ਪੀਪਲ)
ਦੂਜਾ ਇਨਾਮ: ਟੀਮ ਰੇਡੀਓ ਚਿਤਕਾਰਾ
ਇਸ ਮੌਕੇ ਬੋਲਦਿਆਂ ਯੋਜਨਾ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਐਕਸਨ ਐਵਾਰਡਾਂ ਨੂੰ ਸਥਾਈ ਵਿਕਾਸ ਟੀਚਿਆਂ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਲਈ ਇੱਕ ਪ੍ਰੇਰਣਾਦਾਇਕ ਸਾਧਨ ਵਜੋਂ ਮੰਨਿਆ ਗਿਆ ਹੈ। ਉਨਾਂ ਕਿਹਾ ਕਿ ਇਹ ਪੁਰਸਕਾਰ ਫਿਲਹਾਲ 5 ਸ਼੍ਰੇਣੀਆਂ ਵਿੱਚ ਦਿੱਤੇ ਜਾ ਰਹੇ ਹਨ ਜੋ ਕਿ ਆਉਣ ਵਾਲੇ ਸਾਲਾਂ ਵਿੱਚ ਵਿਕਸਤ ਹੋਣਗੀਆਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀਆਂ ਯੋਜਨਾ ਪ੍ਰਕਿਰਿਆਵਾਂ ਵਿੱਚ ਸਥਾਈ ਵਿਕਾਸ ਟੀਚਿਆਂ ਨੂੰ ਅਪਣਾਇਆ ਹੈ ਅਤੇ ਐਸ.ਡੀ.ਜੀ. ਐਵਾਰਡਜ਼ 2021 ਇਸ ਸੰਦੇਸ ਨੂੰ ਅੱਗੇ ਫੈਲਾਉਣਗੇੇ। ਯੂ.ਐਨ.ਡੀ.ਪੀ. ਦੇ ਉੱਤਰੀ ਖੇਤਰ ਦੇ ਰੀਜ਼ਨਲ ਹੈੱਡ ਵਿਕਾਸ ਵਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਐਸ.ਡੀ.ਜੀ. ਢਾਂਚਾ ਚੰਗੇ ਸੰਸਾਰ ਦੀ ਸਿਰਜਣਾ ਵਾਸਤੇ ਸਾਡੇ ਲਈ ਇੱਕ ਦਰੁਸਤ ਨਕਸ਼ਾ ਪੇਸ਼ ਕਰਦਾ ਹੈ। ਇਹ ਸਾਡਾ ਧਿਆਨ ਟੀਚਿਆਂ ਅਤੇ ਸੂਚਕਾਂ ਦੇ ਰੂਪਾਂ ਵਿੱਚ ਛੋਟੇ ਮੀਲ ਪੱਥਰਾਂ ’ਤੇ ਕੇਂਦਰਿਤ ਕਰਦਾ ਹੈ। ਨੀਤੀ ਆਯੋਗ ਦੀ ਸਲਾਹਕਾਰ ਸੰਯੁਕਤਾ ਸਮਾਦਰ ਨੇ ਐਸ.ਡੀ.ਜੀ. ਇੰਡੈਕਸ 2021 ਵਿੱਚ ਪੰਜਾਬ ਦੀ ਬਿਹਤਰੀਨ ਕਾਰਗੁਜ਼ਾਰੀ ਲਈ ਪੰਜਾਬ ਸਰਕਾਰ ਅਤੇ ਯੂ.ਐਨ.ਡੀ.ਪੀ. ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਇਨਾਂ ਪੁਰਸਕਾਰਾਂ ਨੂੰ ਕਾਇਮ ਕਰਨ ਵਿੱਚ ਪੰਜਾਬ ਨੇ ਮੋਹਰੀ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਐਸ.ਡੀ.ਜੀ. ਨੂੰ ਸਾਰੇ ਭਾਈਵਾਲਾਂ ਦੀ ਵਚਨਬੱਧਤਾ, ਸਮੁੱਚੀ ਸਰਕਾਰ ਅਤੇ ਸਮੁੱਚੇ ਸਮਾਜ ਤੱਕ ਪਹੁੰਚ ਦੀ ਲੋੜ ਹੁੰਦੀ ਹੈ ਅਤੇ ਇਹ ਪੁਰਸਕਾਰ ਇਸ ਦੀ ਇੱਕ ਪ੍ਰਮੁੱਖ ਮਿਸਾਲ ਹਨ। ਯੂ.ਐਨ.ਡੀ.ਪੀ-ਇੰਡੀਆ ਦੀ ਡਿਪਟੀ ਰੈਜ਼ੀਡੈਂਟ ਪ੍ਰਤੀਨਿਧ ਨਾਦੀਆ ਰਾਸ਼ੀਦ ਨੇ ਸਰਕਾਰਾਂ, ਸਿਵਲ ਸੁਸਾਇਟੀ ਸੰਸਥਾਵਾਂ, ਅਕਾਦਮੀਆਂ ਅਤੇ ਨਾਗਰਿਕਾਂ ਦੀ ਸਹਾਇਤਾ ਲਈ ਯੂ.ਐਨ.ਡੀ.ਪੀਜ਼ ਦੇ ਆਦੇਸ਼ਾਂ ਬਾਰੇ ਗੱਲ ਕੀਤੀ ਤਾਂ ਜੋ ਐਸ.ਡੀ.ਜੀ. ਏਜੰਡੇ ਦੀ ਨਿਗਰਾਨੀ ਅਤੇ ਸਮੇਂ ਸਿਰ ਪ੍ਰਾਪਤੀ ਨੂੰ ਯਕੀਨੀ ਬਣਾਇਆ ਜਾ ਸਕੇ।ਉਨਾਂ ਸੁਝਾਅ ਦਿੱਤਾ ਕਿ ਐਸ.ਡੀ.ਜੀ ਚੈਂਪੀਅਨਾਂ ਦੁਆਰਾ ਕੀਤਾ ਗਿਆ ਕੰਮ ਪੰਜਾਬ ਤੋਂ ਬਾਹਰ ਵੀ ਮਹੱਤਵ ਰੱਖਦਾ ਹੈ। ਉਨਾਂ ਪੰਜਾਬ ਸਰਕਾਰ ਨੂੰ ਅਗਵਾਈ ਕਰਨ ਅਤੇ ਹੋਰਨਾਂ ਨੂੰ ਰਸਤਾ ਦਿਖਾਉਣ ਲਈ ਵਧਾਈ ਦਿੱਤੀ। ਇਸ ਸਮਾਗਮ ਦਾ ਐਸ.ਡੀ.ਜੀ.ਸੀ.ਸੀ. ਪੰਜਾਬ ਦੇ ਫੇਸਬੁੱਕ ਅਤੇ ਯੂਟਿਊਬ ਹੈਂਡਲਾਂ ’ਤੇ ਲਾਈਵ ਪ੍ਰਸਾਰਣ ਕੀਤਾ ਗਿਆ ਅਤੇ 200 ਤੋਂ ਵੱਧ ਪ੍ਰਤੀਭਾਗੀਆਂ ਨੇ ਇਸ ਵਿੱਚ ਭਾਗ ਲਿਆ।

LEAVE A REPLY

Please enter your comment!
Please enter your name here