ਸਦਾਬਹਾਰ ਬੂਟਿਆਂ ਦਾ ਬਾਗ ਲਗਾਉਣ ‘ਤੇ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ 40 ਪ੍ਰਤੀਸ਼ਤ ਸਬਸਿਡੀ ਦੀ ਵਿਵਸਥਾ
ਸੰਗਰੂਰ, 20 ਜੁਲਾਈ, 2023: ਬਰਸਾਤਾਂ ਦੇ ਮੌਸਮ ਵਿੱਚ ਸਦਾਬਹਾਰ ਫਲਦਾਰ ਬੂਟੇ ਜਿਵੇਂ ਕਿ ਅਮਰੂਦ, ਅੰਬ, ਕਿੰਨੂ, ਨਿੰਬੂ ਅਦਿ ਪੂਰੀ ਤਰ੍ਹਾਂ ਕਾਮਯਾਬੀ ਨਾਲ ਲਗਾਏ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਿਰਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਬਾਗ ਲਗਾਉਣ ਲਈ ਮੁੱਖ ਤੌਰ ‘ਤੇ ਅਮਰੂਦ ਢੁੱਕਵਾਂ ਹੈ ਅਤੇ ਜੇਕਰ ਮਿੱਟੀ ਤੇ ਪਾਣੀ ਦੀ ਟੈਸਟ ਰਿਪੋਰਟ ਨਿੰਬੂ ਜਾਤੀ ਮੁਤਾਬਿਕ ਹੋਵੇ ਤਾਂ ਕਿੰਨੂ ਦਾ ਬਾਗ ਵੀ ਇਸ ਮੌਸਮ ਵਿਚ ਕਾਮਯਾਬੀ ਨਾਲ ਲਗਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਘਰੇਲੂ ਬਗੀਚੀ ਵਿੱਚ ਅੱਜ-ਕੱਲ੍ਹ ਚੀਕੂ, ਲੀਚੀ, ਡਰੈਗਨ ਫਰੂਟ, ਮੌਸੰਮੀ, ਸੰਤਰਾਂ, ਪਪੀਤਾ, ਅੰਜੀਰ ਆਦਿ ਘਰੇਲੂ ਖਪਤ ਲਈ ਲਗਾਏ ਜਾ ਸਕਦੇ ਹਨ। ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਿਰਵੰਤ ਸਿੰਘ ਨੇ ਦੱਸਿਆ ਕਿ ਬਾਗ ਲਗਾਉਣ ਤੋਂ ਪਹਿਲਾ ਬਾਗਬਾਨੀ ਵਿਭਾਗ ਦੇ ਬਲਾਕ ਜਾਂ ਜ਼ਿਲ੍ਹਾ ਪੱਧਰ ਤੇ ਦਫਤਰ ਨਾਲ ਸੰਪਰਕ ਜ਼ਰੂਰ ਕਰ ਲਿਆ ਜਾਵੇ ਤਾਂ ਜੋ ਮਿੱਟੀ ਪਾਣੀ ਦੇ ਹਿਸਾਬ ਨਾਲ ਬਾਗ ਦੀ ਚੋਣ ਕੀਤੀ ਜਾ ਸਕੇ ਅਤੇ ਬਾਗ ਸਹੀ ਫਾਸਲੇ ਲਗਾਇਆ ਜਾ ਸਕੇ ਅਤੇ ਬੂਟਿਆਂ ਦਾ ਪ੍ਰਬੰਧ ਵੀ ਭਰੋਸੇਯੋਗ ਨਰਸਰੀ ਤੋਂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ ਦੀਆਂ ਸਰਕਾਰੀ ਨਰਸਰੀਆਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਰਕਾਰੀ ਨਰਸਰੀਆਂ ਤੋਂ ਭਰੋਸੇਯੋਗ ਬੂਟਿਆਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਦਾਬਹਾਰ ਬੂਟਿਆਂ ਦਾ ਬਾਗ ਲਗਾਉਣ ਤੇ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ 40 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਤਕਨੀਕੀ ਜਾਣਕਾਰੀ, ਲੇਅ ਆਊਟ ਲਈ ਮਿੱਟੀ, ਪਾਣੀ ਦੀ ਰਿਪੋਰਟ ਲਈ ਬਾਗਬਾਨੀ ਵਿਭਾਗ ਦੇ ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਲਈ ਅਜੋਕੇ ਸਮੇਂ ਵਿੱਚ ਕੁਦਰਤੀ ਵਾਤਾਵਰਨ ਵਿਚ ਸੰਤੁਲਨ ਰੱਖਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਫਲਦਾਰ ਪੌਦੇ ਲਗਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਫਲਦਾਰ ਬੂਟਿਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ, ਜਿੱਥੇ ਇਹ ਸੁਆਦਲੇ ਫਲ ਦਿੰਦੇ ਹਨ ਉਥੇ ਵਧੀਆ ਆਮਦਨ ਦਾ ਸਰੋਤ ਬਣਨ ਦੇ ਨਾਲ-ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਹਨ। ਖੁਰਾਕੀ ਮਹੱਤਤਾ ਦੇ ਆਧਾਰ ਤੇ ਫਲ ਮਨੁੱਖੀ ਸਿਹਤ ਲਈ ਬਹੁਤ ਹੀ ਪੌਸ਼ਟਿਕ ਮੰਨੇ ਜਾਂਦੇ ਹਨ ਕਿਉਂਕਿ ਇਨ੍ਹਾਂ ਤੋਂ ਸਾਨੂੰ ਸਿਹਤ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਖੁਰਾਕੀ ਤੱਤ ਮਿਲਦੇ ਹਨ ਜਿਵੇਂ ਕਿ ਕੈਲਸ਼ੀਅਮ, ਫਾਸਫੋਰਸ, ਲੋਹਾ, ਖਣਿਜ, ਵਿਟਾਮਿਨ, ਧਾਤਾਂ ਆਦਿ। ਭਾਰਤੀ ਨਿਊਟ੍ਰੀਸ਼ਨ ਖੋਜ ਸੰਸਥਾ ਹੈਦਰਾਬਾਦ ਨੇ ਵੀ ਇੱਕ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ 100 ਗ੍ਰਾਮ ਫਲਾਂ ਦਾ ਸੇਵਨ ਪ੍ਰਤੀ ਦਿਨ ਕਰਨ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਦੇ ਮੁਕਾਬਲੇ ਭਾਰਤ ਵਿੱਚ ਪ੍ਰਤੀ ਵਿਅਕਤੀ ਫਲਾਂ ਦੀ ਖਪਤ ਬਹੁਤ ਘੱਟ ਹੈ। ਇਸ ਲਈ ਫਲਾਂ ਦਾ ਭਰਪੂਰ ਉਤਪਾਦਨ ਤੇ ਸੇਵਨ ਕਰਨਾ ਬਹੁਤ ਹੀ ਜ਼ਰੂਰੀ ਹੈ। ਵਧਦੀ ਹੋਈ ਆਬਾਦੀ ਤੇ ਸ਼ਹਿਰੀਕਰਨ ਕਾਰਨ ਫਲਾਂ ਦਾ ਉਤਪਾਦਨ ਵਧਾਉਣ ਦੀਆਂ ਬਹੁਤ ਸੰਭਾਵਨਾਵਾਂ ਮੌਜੂਦ ਹਨ।