ਸਨਅਤੀ ਖੇਤਰ ਵੱਲੋਂ ਵੀ ਸੁਚੱਜੇ ਪਰਾਲੀ ਪ੍ਰਬੰਧ ਵਿੱਚ ਪਾਇਆ ਜਾ ਰਿਹੈ ਯੋਗਦਾਨ, ਦਿੜ੍ਹਬਾ ਦੀ ਫੈਕਟਰੀ ਨੇ 2000 ਏਕੜ ਤੋਂ ਵਧੇਰੇ ਰਕਬੇ ਤੋਂ ਇਕੱਠੀ ਕਰਵਾਈ ਪਰਾਲੀ
ਐਸ.ਡੀ.ਐਮ. ਦਿੜ੍ਹਬਾ ਰਾਜੇਸ਼ ਸ਼ਰਮਾ ਵੱਲੋਂ ਪਰਾਲੀ ਦੇ ਯੋਗ ਪ੍ਰਬੰਧ ਲਈ ਕਿਸਾਨਾਂ ਅਤੇ ਸਨਅਤਕਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ
ਦਿੜ੍ਹਬਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਢੁੱਕਵੇਂ ਹੱਲ ਮੁਹੱਈਆ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ਉੱਪਰ ਐਸ.ਡੀ.ਐਮ. ਦਿੜ੍ਹਬਾ ਰਾਜੇਸ਼ ਸ਼ਰਮਾ ਵੱਲੋਂ ਡੀ.ਐਸ.ਪੀ. ਪ੍ਰਿਥਵੀ ਸਿੰਘ ਚਹਿਲ ਤੇ ਸੈਕਟਰੀ ਮਾਰਕਿਟ ਕਮੇਟੀ ਕੁਲਵਿੰਦਰ ਸਿੰਘ ਨਾਲ ਦਿੜ੍ਹਬਾ ਪੇਪਰ ਵਰਕਸ ਪ੍ਰਾਇਵੇਟ ਲਿਮਟਿਡ ਨਾਂ ਦੀ ਫੈਕਟਰੀ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਫੈਕਟਰੀ ਮਾਲਕ ਸੁਰੇਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਭਗ 2,000 ਏਕੜ ਰਕਬੇ ਤੋਂ ਝੋਨੇ ਦੀ ਪਰਾਲੀ ਇਕੱਠੀ ਕਰਵਾ ਕੇ ਗੱਤਾ ਬਣਾਉਣ ਲਈ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰੇਰਣਾ ਸਦਕਾ ਹੁਣ ਉਹ ਪਰਾਲੀ ਤੋਂ ਹੋਰ ਵੀ ਉਤਪਾਦ ਤਿਆਰ ਕਰਨ ਲਈ ਪਲਾਂਟ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ 2000 ਏਕੜ ਤੋਂ ਵੀ ਵੱਧ ਰਕਬੇ ਤੋਂ ਪਰਾਲੀ ਇਕੱਠੀ ਕਰਨਗੇ ਤਾਂ ਜੋ ਕਿਸਾਨਾਂ ਨੂੰ ਇਸਦਾ ਵਾਤਾਵਰਨ ਪੱਖੀ ਹੱਲ ਮੁਹੱਈਆ ਕਰਵਾਇਆ ਜਾ ਸਕੇ।
ਅਪਣੇ ਦੌਰੇ ਦੌਰਾਨ ਐਸ.ਡੀ.ਐਮ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਪਰਾਲੀ ਨਾਲ ਸਬੰਧਤ ਸਬਡਵੀਜ਼ਨ ਦਿੜ੍ਹਬਾ ਵਿਚਲੀਆਂ ਸਾਰੀਆਂ ਸਨਅਤਾਂ ਨੂੰ ਵੱਧ ਤੋਂ ਵੱਧ ਖੇਤਰ ਵਿੱਚੋਂ ਪਰਾਲੀ ਇਕੱਠੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਸਹਿਯੋਗ ਦੇ ਰਹੀਆਂ ਇਨ੍ਹਾਂ ਸਨਅਤਾਂ ਨੂੰ ਪੰਜਾਬ ਸਰਕਾਰ ਦੀ ਸਬਸਿਡੀ ਅਤੇ ਹੋਰ ਸੰਭਵ ਮਦਦ ਵੀ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਇਸਦੇ ਵਾਤਾਵਰਨ ਪੱਖੀ ਹੱਲ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ।