ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

0
139

ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਨੂੰ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਦੀ ਮਦਦ ਕਰਨ ਦੇ ਦਿੱਤੇ ਆਦੇਸ਼

ਪਿੰਡ ਬੀੜ ਸਿੱਖਾਂ ਵਾਲਾ ਵਿਖੇ ਛੱਤ ਡਿੱਗਣ ਕਾਰਨ ਲੜਕੀ ਦੀ ਮੌਤ ‘ਤੇ ਦੁੱਖ ਜਤਾਇਆ; ਜ਼ਖ਼ਮੀ ਪਰਿਵਾਰਕ ਮੈਂਬਰਾਂ ਦੇ ਇਲਾਜ ਅਤੇ ਪਰਿਵਾਰ ਦੀ ਆਰਥਿਕ ਮਦਦ ਦਾ ਭਰੋਸਾ ਦਿੱਤਾ

ਚੰਡੀਗੜ੍ਹ, 10 ਜੁਲਾਈ:

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ।

ਸ. ਸੰਧਵਾਂ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਅਤੇ ਹੋਰਨਾਂ ਜ਼ਿਲ੍ਹਾ ਅਧਿਕਾਰੀਆਂ ਨਾਲ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਪਾਣੀ ਨਾਲ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਪੱਖੋਂ ਮਦਦ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਰਿਹਾਇਸ਼ੀ ਖੇਤਰਾਂ ਵਿੱਚ ਜਮ੍ਹਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਹਿਲ ਦੇ ਆਧਾਰ ‘ਤੇ ਪ੍ਰਬੰਧ ਕੀਤੇ ਜਾਣ।

ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਰੀਦਕੋਟ ਵਿਖੇ ਅਜੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ।

ਇਸੇ ਦੌਰਾਨ ਸ. ਸੰਧਵਾਂ ਨੇ ਪਿੰਡ ਬੀੜ ਸਿੱਖਾਂ ਵਾਲਾ ਦਾ ਵੀ ਦੌਰਾ ਕੀਤਾ ਅਤੇ ਇੱਥੇ ਵਾਪਰੀ ਮੰਦਭਾਗੀ ਘਟਨਾ ਦੌਰਾਨ ਛੱਤ ਡਿੱਗਣ ਕਰਕੇ ਨੌਜਵਾਨ ਲੜਕੀ ਦੀ ਮੌਤ ‘ਤੇ ਦੁੱਖ ਜਤਾਇਆ ਅਤੇ ਕਿਹਾ ਕਿ ਜ਼ਖ਼ਮੀ ਪਰਿਵਾਰਕ ਮੈਂਬਰਾਂ ਦਾ ਇਲਾਜ ਤੋਂ ਇਲਾਵਾ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਜਾਵੇਗੀ।

ਸ. ਸੰਧਵਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਕੁਦਰਤੀ ਆਫ਼ਤ ਮੌਕੇ ਲੋਕਾਂ ਨਾਲ ਖੜ੍ਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਹੈ ਕਿ ਉਹ ਕਿਸੇ ਕਿਸਮ ਦੀ ਘਬਰਾਹਟ ਚ ਨਾ ਆਉਣ, ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

LEAVE A REPLY

Please enter your comment!
Please enter your name here