ਸਬ ਡਵੀਜ਼ਨਲ ਹਸਪਤਾਲ ਤਪਾ ਨੇ ਇੱਕ ਵਾਰ ਫਿਰ ਮਾਰੀ ਮੱਲ

0
115
ਸਿਹਤ ਬੀਮਾ ਯੋਜਨਾ ਅਧੀਨ ਪੰਜਾਬ ਭਰ ਦੇ ਸਬ ਡਵੀਜ਼ਨਲ ਪੱਧਰ ਦੇ ਹਸਪਤਾਲਾਂ ‘ਚੋਂ ਮੁੜ ਬਣਿਆ ਮੋਹਰੀ
ਪ੍ਰਾਪਤੀ ਲਈ ਗਣਤੰਤਰ ਦਿਵਸ ਮੌਕੇ ਡਾ. ਨਵਜੋਤਪਾਲ ਸਿੰਘ ਭੁੱਲਰ ਨੂੰ ਕੀਤਾ ਗਿਆ ਸਨਮਾਨਿਤ
ਤਪਾ
ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਐਸ.ਡੀ.ਐਚ. ਤਪਾ, ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਸਬ ਡਵੀਜ਼ਨਲ ਪੱਧਰ ਦੇ ਹਸਪਤਾਲਾਂ ਵਿੱਚੋਂ ਪੰਜਾਬ ਭਰ ‘ਚੋਂ ਇੱਕ ਵਾਰ ਫਿਰ ਮੋਹਰੀ ਰਿਹਾ ਹੈ। 75ਵੇਂ ਗਣਤੰਤਰ ਦਿਵਸ ਮੌਕੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਸ. ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।
ਜਾਣਕਾਰੀ ਦਿੰਦਿਆਂ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 1 ਅਗਸਤ 2023 ਤੋਂ 31 ਦਸੰਬਰ 2023 ਤੱਕ ਦੇ ਜਾਰੀ ਅੰਕੜਿਆਂ ਅਨੁਸਾਰ ਸਬ ਡਵੀਜ਼ਨਲ ਹਸਪਤਾਲ ਤਪਾ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ-ਸਿਹਤ ਬੀਮਾ ਯੋਜਨਾ ਅਧੀਨ 1120 ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਪੰਜਾਬ ਭਰ ਦੇ ਸਬ ਡਵੀਜ਼ਨਲ ਪੱਧਰ ਦੇ ਹਸਪਤਾਲਾਂ ਵਿੱਚੋਂ ਸੱਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਵੀ ਇਸੇ ਹੀ ਸਾਲ ਜਨਵਰੀ ਤੋਂ ਜੂਨ ਤੱਕ ਦੇ ਜਾਰੀ ਅੰਕੜਿਆਂ ਅਨੁਸਾਰ ਸਬ ਡਵੀਜਨਲ ਹਸਪਤਾਲ ਤਪਾ 1192 ਮਰੀਜ਼ਾਂ ਦਾ ਮੁਫ਼ਤ ਇਲਾਜ ਕਰਕੇ ਪੰਜਾਬ ਭਰ ਵਿੱਚ ਪਹਿਲੇ ਨੰਬਰ ‘ਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਹਸਪਤਾਲ ਵਿੱਚ ਆਏ ਹਰ ਇੱਕ ਮਰੀਜ਼ ਨੂੰ ਸਰਲ ਤੇ ਮੁਫ਼ਤ ਇਲਾਜ ਮਿਲੇ।
ਉਨ੍ਹਾਂ ਇਸ ਪ੍ਰਾਪਤੀ ਲਈ ਡਾ. ਗੁਰਪ੍ਰੀਤ ਸਿੰਘ ਮਾਹਲ (ਅਪ੍ਰੈਸ਼ਨਾਂ ਦੇ ਮਾਹਰ), ਡਾ. ਕੰਵਲਜੀਤ ਸਿੰਘ ਬਾਜਵਾ(ਐਮ.ਡੀ. ਮੈਡੀਸਨ), ਡਾ. ਗੁਰਸਾਗਰਦੀਪ ਸਿੰਘ (ਹੱਡੀਆਂ ਦੇ ਮਾਹਰ) ਡਾ. ਸ਼ੀਤਲ ਬਾਂਸਲ (ਔਰਤ ਰੋਗਾਂ ਦੇ ਮਾਹਰ), ਡਾ. ਸ਼ਿਖਾ ਅਗਰਵਾਲ (ਪੈਥੇਲੋਜਿਸਟ), ਡਾ. ਤਨੂੰ ਸਿੰਗਲਾ(ਮਾਨਸਿਕ ਰੋਗਾਂ ਦੇ ਮਾਹਰ), ਡਾ. ਦੀਪਤੀ ਗੁਪਤਾ (ਆਈ ਸਪੈਸ਼ਲਿਸਟ), ਡਾ. ਗੁਰਪ੍ਰੀਤ ਕੌਰ (ਐਮ.ਓ. ਡੈਂਟਲ), ਅਰੋਗਿਆ ਮਿੱਤਰ ਤਜਿੰਦਰ ਸਿੰਘ, ਨਰਸਿੰਗ ਸਟਾਫ, ਵਾਰਡ ਐਟੈਂਡਟ ਸਮੇਤ ਹਸਪਤਾਲ ਦੇ ਸਮੂਹ ਡਾਕਟਰਾਂ ਤੇ ਸਟਾਫ ਨੂੰ ਵਧਾਈ ਦਿੱਤੀ ਜੋ ਹਮੇਸ਼ਾ ਮਰੀਜ਼ਾਂ ਦਾ ਖਿਆਲ ਰੱਖਦੇ ਹਨ। ਡਾ. ਭੁੱਲਰ ਨੇ ਕਿਹਾ ਕਿ ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੀ ਰਹਿਨੁਮਾਈ ਹੇਠ ਸਬ ਡਵੀਜ਼ਨਲ ਹਸਪਤਾਲ, ਤਪਾ ਵਿੱਚ ਮੌਜੂਦ ਹਰ ਡਾਕਟਰ ਤੇ ਸਟਾਫ ਹਮੇਸ਼ਾਂ ਮਰੀਜ਼ਾਂ ਦਾ ਵਧੀਆ ਇਲਾਜ ਕਰਨ ਲਈ ਵਚਨਬੱਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ. ਐਸ.ਆਈ ਰਣਜੀਵ ਕੁਮਾਰ, ਜੂਨੀਅਰ ਸਹਾਇਕ ਬੂਟਾ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here