ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਵਿਸ਼ਵ ਟੀਕਾਕਰਨ ਹਫ਼ਤੇ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ
ਟੀਕਾਕਰਨ ਤੋਂ ਵਾਂਝੇ ਬੱਚੇ ਤੇ ਗਰਭਵਤੀ ਔਰਤਾਂ ਟੀਕਾਕਰਨ ਜ਼ਰੂਰ ਕਰਾਉਣਃ ਡਾ. ਨਵਜੋਤਪਾਲ ਸਿੰਘ ਭੁੱਲਰ
ਤਪਾ, 26 ਅਪ੍ਰੈਲ, 2024: ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਵਿਸ਼ਵ ਟੀਕਾਕਰਨ ਹਫਤੇ ਨੂੰ ਸਮਰਪਿਤ ਅੱਜ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਟੀਕਾਕਰਨ ਵਿਸ਼ੇ ‘ਤੇ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਕਿਹਾ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀਂ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆ ਸਿਹਤ ਵਿਭਾਗ ਵੱਲੋਂ ਟੀਕਾਕਰਨ ਦੀ 50ਵੀਂ ਵਰੇਗੰਢ ‘ਤੇ ਵਿਸ਼ੇਸ਼ ਕੈਪਾਂ ਰਾਹੀ 30 ਅਪ੍ਰੈਲ ਤੱਕ ਵਿਸ਼ਵ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹਫਤਾ ਮਨਾਉਣ ਦਾ ਮੁੱਖ ਮੰਤਵ ਟੀਕਾਕਰਨ ਨਾਲ ਰੋਕੀਆ ਜਾ ਸਕਣ ਵਾਲੀਆ ਬੀਮਾਰੀਆਂ ਸਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਟੀਕਾਕਰਨ ਦੀ ਪ੍ਰਗਤੀ ਨੂੰ ਵਧਾਇਆ ਜਾ ਸਕੇ। ਇਸੇ ਹੀ ਮਕਸਦ ਨੂੰ ਲੈ ਕੇ ਅੱਜ ਵਿਦਿਆਰਥਣਾਂ ਦਾ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਤਹਿਤ ਟੀ.ਬੀ.,ਪੀਲੀਆ, ਨਿਮੋਨੀਆ, ਗੱਲ ਘੋਟੂ, ਟੈਟਨੇਸ, ਮੀਜਲ, ਰੁਬੇਲਾ, ਕਾਲੀ ਖਾਸ਼ੀ ਆਦਿ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਬੱਚਿਆ ਦਾ ਟੀਕਾਕਰਨ ਕੀਤਾ ਜਾਂਦਾ ਹੈ ਜੋ ਕਿ ਬਿਲਕੁਲ ਮੁਫਤ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਹਫ਼ਤੇ ਦੌਰਾਨ ਕਿਸੇ ਵੀ ਕਾਰਨ ਟੀਕਾਕਰਨ ਤੋਂ ਵਾਂਝੇ ਰਹੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਆਪਣਾ ਟੀਕਾਕਰਨ ਜ਼ਰੂਰ ਕਰਾਉਣਾ ਚਾਹੀਦਾ ਹੈ।
ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਹਫਤੇ ਦੌਰਾਨ ਸਕੂਲਾਂ ਪਿੰਡਾਂ ਆਦਿ ਵਿੱਚ ਟੀਕਾਕਰਨ ਪ੍ਰਤੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵ ਸ਼ਹਿਰੀ ਖੇਤਰ ਵਿਸ਼ੇਸ਼ ਟੀਕਾਕਰਨ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਵਾ ਡਾ. ਤਨੂੰ ਸਿੰਗਲਾ, ਐੱਲ.ਐੱਚ.ਵੀ. ਜਸਪਾਲ ਕੌਰ, ਮੰਗਤ ਰਾਮ, ਬਲਕਾਰ ਸਿੰਘ ਆਦਿ ਹਾਜ਼ਰ ਸਨ।
ਤਸਵੀਰਃ ਐਸ.ਐਮ.ਓ. ਡਾ. ਨਵਜੋਤਪਾਲ ਸਿੰਘ ਭੁੱਲਰ, ਡਾ. ਤਨੂੰ ਸਿੰਗਲਾ ਤੇ ਬਲਾਕ ਐਜੂਕੇਟਰ ਜਸਪਾਲ ਜਟਾਣਾ ਜੇਤੂ ਵਿਦਿਆਰਥਣਾਂ ਨਾਲ।