ਅੰਮ੍ਰਿਤਸਰ,ਰਾਜਿੰਦਰ ਰਿਖੀ
ਇਕ ਪਾਸੇ ਪੰਜਾਬ ਸਰਕਾਰ ਦਾਅਵੇ ਕਰਦੀ ਨਹੀਂ ਥੱਕਦੀ ਕਿ ਅਸੀਂ ਗੈਂਗਸਟਰਾਂ ‘ਤੇ ਕਾਬੂ ਪਾ ਲਿਆ ਹੈ,ਅਸੀਂ ਨਸ਼ੇ ਦੇ ਸੌਦਾਗਰਾਂ ਨੂੰ ਨਕੇਲ ਪਾ ਲਈ ਹੈ, ਪਰ ਸਬ ਡਿਵੀਜ਼ਨ ਬਾਬਾ ਬਕਾਲਾ ਸਾਹਿਬ ਵਿਚ ਹਰ ਤਰਾਂ ਦੇ ਨਸ਼ੀਲੇ ਪਦਾਰਥਾਂ ਦਾ ਧੰਦਾ ਬੇਰੋਕ-ਟੋਕ ਜਾਰੀ ਹੈ। ਪ੍ਰਸ਼ਾਸ਼ਨ ਦੇ ਕੁਝ ਇਕ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਛਤਰ-ਛਾਇਆ ਹੇਠ ਮੈਡੀਕਲ ਸਟੋਰਾਂ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਸ਼ਰੇਆਮ ਆਪਣਾ ਧੰਦਾ ਚਮਕਾ ਰਹੇ ਹਨ, ਪਰ ਪੁਲਿਸ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੌਣ ਦਾ ਬਹਾਨਾ ਬਣਾਈ ਸਭ ਕੁਝ ਹੋਣ ਦੇ ਰਿਹਾ ਹੈ। ਰੋਜ਼ਾਨਾ ਹੀ ਰਈਆ, ਬਿਆਸ ਅਤੇ ਆਸਪਾਸ ਛੋਟੀਆਂ ਮੋਟੀਆਂ ਚੋਰੀਆਂ, ਲੁੱਟਾਂ-ਖੋਹਾਂ ਆਮ ਹੀ ਹੁੰਦੀਆਂ ਰਹਿੰਦੀਆਂ ਹਨ, ਜਿੰਨਾਂ ਦੀ ਰਿਪੋਰਟ ਲੋਕ ਥਾਣੇ ਜਾਂ ਪੁਲਿਸ ਚੌਂਕੀ ਲਿਖਵਾਉਣ ਹੀ ਨਹੀਂ ਜਾਂਦੇ, ਕਿਉਂਕਿ ਸਭ ਨੂੰ ਪਤਾ ਹੈ ਕਿ ਰਿਪੋਰਟ ਲਿਖਵਾ ਕੇ ਵੀ ਕਿਸੇ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ। ਬੀਤੇ ਸਮੇਂ ਦੌਰਾਨ ਰਈਆ ਵਿਚ ਸ਼ਰੇਆਮ ਕਤਲ ਅਤੇ ਗੋਲੀ ਚੱਲਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਪਰ ਕਤਲ ਦੇ ਦੋਸ਼ੀ ਦੀ ਪਛਾਣ ਹੋਣ ਦੇ ਬਾਵਜੂਦ ਵੀ ਪੁਲਿਸ ਉਸਨੂੰ ਫੜਨ ਵਿਚ ਚਾਰ ਮਹੀਨੇ ਬਾਅਦ ਵੀ ਨਾਕਾਮਯਾਬ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਸੋਚਿਆ ਸੀ ਕਿ ਸਰਕਾਰ ਬਦਲਣ ਨਾਲ ਬਦਲਾਅ ਆਵੇਗਾ, ਪਰ ਸੱਚੀ ਗੱਲ ਤਾਂ ਇਹ ਹੈ ਕਿ ਬੋਤਲ ਦਾ ਸਿਰਫ ਬਰਾਂਡ ਹੀ ਬਦਲਿਆ ਹੈ, ਉਸ ਅੰਦਰਲੀ ਸ਼ਰਾਬ ਓਹੀ ਆ। ਲੋਕਾਂ ਦੀ ਪੰਜਾਬ ਦੇ ਮੁਖਮੰਤਰੀ ਅਤੇ ਡੀਜੀਪੀ ਪੰਜਾਬ ਤੋਂ ਪੁਰਜ਼ੋਰ ਮੰਗ ਹੈ ਕਿ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਤਪ ਅਸਥਾਨ ਵਾਲੀ ਪਵਿੱਤਰ ਧਰਤੀ ਉਪਰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਠੋਸ ਕਦਮ ਚੁੱਕੇ ਜਾਣ।
Boota Singh Basi
President & Chief Editor