ਸਮਰ ਪੈਲੇਸ ਵਿਖੇ ਸਿੱਖ ਇਤਿਹਾਸ `ਤੇ ਬਣੇ ਰੌਸ਼ਨੀ ਅਤੇ ਆਵਾਜ਼ ਸ਼ੋਅ ਦੀ ਹੋਈ ਸ਼ੁਰੂਆਤ

0
80

ਅੰਮ੍ਰਿਤਸਰ 26 ਫਰਵਰੀ 2024—

ਰੰਗਲਾ ਪੰਜਾਬ ਮੇਲੇ ਤਹਿਤ ਜਿਥੇ ਪੰਜਾਬ ਸਰਕਾਰ ਵਲੋਂ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਮੱਦਦ ਨਾਲ ਅੰਮ੍ਰਿਤਸਰ ਵਿੱਚ ਪੰਜਾਬ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗਰਾਮ ਜਾਰੀ ਹਨ, ਉਥੇ ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਜੋ ਕਿ ਕੰਪਨੀ ਬਾਗ ਵਿਖੇ ਸਥਿਤ ਹੈ ਵਿਖੇ ਰੌਸ਼ਨੀ ਅਤੇ ਆਵਾਜ਼ ਦੇ ਸੁਮੇਲ ਨਾਲ ਬਣਿਆ ਬਹੁਤ ਵਧੀਆ ਸ਼ੋਅ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗੀ। ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀ ਰਾਕੇਸ਼ ਪੋਪਲੀ ਨੇ ਦੱਸਿਆ ਕਿ ਇਹ ਸ਼ੋਅ ਪੱਕੇ ਤੌਰ ਤੇ ਚੱਲਣ ਵਾਲਾ ਸ਼ੋਅ ਹੋਵੇਗਾ, ਜੋ ਕਿ ਰੋਜ਼ਾਨਾ ਸ਼ਾਮ ਨੂੰ ਇਸ ਪੈਲੇਸ ਵਿੱਚ ਚੱਲੇਗਾ। ਉਨਾਂ ਦੱਸਿਆ ਕਿ 20 ਮਿੰਟ ਦੇ ਇਸ ਸ਼ੋਅ ਵਿੱਚ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਨੂੰ ਪੇਸ਼ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਉਨਾਂ ਦੱਸਿਆ ਕਿ 2.76 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਦਿਲਚਸਪ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਪੰਜਾਬ ਦੇ ਯੋਧਿਆਂ ਦੀ ਬਹਾਦਰੀ, ਦਲੇਰੀ ਅਤੇ ਅਮੀਰ ਵਿਰਸੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਪੇਸ਼ਕਾਰੀ ਨੂੰ ਵੇਖਣ ਵਾਲਾ ਦਰਸ਼ਕ ਆਪਣੇ ਆਪ ਨੂੰ ਇਸ ਅਮੀਰ ਵਿਰਸੇ ਵਿੱਚ ਲੀਨ ਹੋਇਆ ਮਹਿਸੂਸ ਕਰਦਾ ਹੈ ਅਤੇ ਯੋਧਿਆਂ ਦੀ ਬਹਾਦਰੀ ਅਤੇ ਭਾਵਨਾ ਨੂੰ ਨਵੀਨਤਮ ਡਿਜੀਟਲ ਤਕਨਾਲੋਜੀ ਰਾਹੀਂ ਦੇਖਦੇ ਹੋਏ ਆਪ ਉਸ ਸਮੇਂ ਦਾ ਸਮਕਾਲੀ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਇਹ ਸ਼ੋਅ ਰੋਜ਼ਾਨਾ ਮੌਸਮ ਦੇ ਅਨੁਸਾਰ ਸ਼ਾਮ ਦੇ ਸਮੇਂ ਇਸ ਪੈਲੇਸ ਵਿੱਚ ਲੋਕਾਂ ਦੀ ਮੰਗ ਅਨੁਸਾਰ ਸਮਾਂ ਤੈਅ ਕਰਕੇ ਚਲਾਇਆ ਜਾਵੇਗਾ ਅਤੇ ਜੇਕਰ ਲੋੜ ਮਹਿਸੂਸ ਹੋਈ ਤਾਂ ਇਕ ਤੋਂ ਵੱਧ ਸ਼ੋਅ ਵੀ ਇਸਦੇ ਰੋਜ਼ਾਨਾ ਚੱਲਣਗੇ। ਉਨਾਂ ਦੱਸਿਆ ਕਿ ਇਸ ਡਿਜੀਟਲ ਸ਼ੋਅ ਦਾ ਮੰਤਵ ਅੰਮ੍ਰਿਤਸਰ ਸ਼ਹਿਰ ਆਉਣ ਵਾਲੇ ਲੱਖਾਂ ਸੈਲਾਨੀਆਂ ਨੂੰ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇਣ ਦੇ ਨਾਲ ਨਾਲ ਸ਼ਹਿਰ ਵਿੱਚ ਸੈਲਾਨੀਆਂ ਲਈ ਇਕ ਆਕਰਸ਼ਨ ਪੈਦਾ ਕਰਨਾ ਹੈ ਤਾਂ ਜੋ ਲੋਕ ਅੰਮ੍ਰਿਤਸਰ ਆ ਕੇ ਇਕ ਤੋਂ ਵੱਧ ਦਿਨ ਗੁਜਾਰਨ ਅਤੇ ਇਸਦੇ ਆਲੇ-ਦੁਆਲੇ ਦੇ ਸਥਾਨਾਂ `ਤੇ ਸੈਰ ਲਈ ਨਿਕਲਣ।

 

LEAVE A REPLY

Please enter your comment!
Please enter your name here