ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮਹਿਕਮੇ ਦੇ ਅਧਿਕਾਰੀ ਸਮਾਜ ਵਿੱਚ ਲੋੜੀਂਦਾ ਸੁਧਾਰ ਲਿਆਉਣ ਲਈ ਪਾ ਸਕਦੇ ਹਨ ਵੱਡਾ ਹਿੱਸਾ: ਜਤਿੰਦਰ ਜੋਰਵਾਲ

0
253

ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੰਗਰੂਰ ਵਿਖੇ 7 ਜ਼ਿਲ੍ਹਿਆਂ ਦੇ ਅਧਿਕਾਰੀਆਂ ਲਈ ਕਰਵਾਇਆ ਇੱਕ ਦਿਨਾ ਸਿਖਲਾਈ ਪ੍ਰੋਗਰਾਮ
ਸੰਗਰੂਰ, 9 ਮਈ, 2023: ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅੱਜ ਸੰਗਰੂਰ ਵਿਚਲੇ ਹੋਟਲ ਰੈਮਸਨ ਕਰਾਊਨ ਵਿਖੇ 7 ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਜੁਵਿਨਾਈਲ ਜਸਟਿਸ (ਅਮੈਂਡਮੈਂਟ) ਐਕਟ 2021 ਐਂਡ ਰੂਲਜ਼ 2022, ਮਿਸ਼ਨ ਵਾਤਸਲਿਆ ਅਤੇ ਬੱਚਿਆਂ ਨੂੰ ਗੋਦ ਲੈਣ ਸਬੰਧੀ ਨਿਰਦੇਸ਼ਾਂ ਬਾਰੇ ਇੱਕ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਇਸ ਸਿਖਲਾਈ ਪ੍ਰੋਗਰਾਮ ਦਾ ਪੂਰਾ ਲਾਹਾ ਲੈਣ ਦੀ ਅਪੀਲ ਕੀਤੀ। ਇਸ ਸਿਖਲਾਈ ਪ੍ਰੋਗਰਾਮ ਵਿੱਚ ਸੰਗਰੂਰ ਤੋਂ ਇਲਾਵਾ ਬਰਨਾਲਾ, ਮਾਨਸਾ, ਪਟਿਆਲਾ, ਬਠਿੰਡਾ, ਲੁਧਿਆਣਾ ਅਤੇ ਮੋਗਾ ਜ਼ਿਲ੍ਹਿਆਂ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ, ਕਿਰਤ ਵਿਭਾਗ, ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮਹਿਕਮੇ ਦੇ ਅਧਿਕਾਰੀ ਸਮਾਜ ਵਿੱਚ ਲੋੜੀਂਦਾ ਸੁਧਾਰ ਲਿਆਉਣ ਲਈ ਵੱਡਾ ਹਿੱਸਾ ਪਾ ਸਕਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ੁਲਮਾਂ ਦਾ ਸ਼ਿਕਾਰ ਹੋਏ ਬੱਚਿਆਂ ਅਤੇ ਔਰਤਾਂ ਨੂੰ ਸਹਾਰਾ ਦੇਣ ਲਈ ਸਰਕਾਰ ਵੱਲੋਂ ਇਸ ਮਹਿਕਮੇ ਦੇ ਅਧੀਨ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਸਹੀ ਤੇ ਸਟੀਕ ਢੰਗ ਨਾਲ ਲਾਗੂ ਕਰਕੇ ਸਬੰਧਤ ਅਧਿਕਾਰੀ ਉਨ੍ਹਾਂ ਨੂੰ ਸਮਾਜ ਵਿੱਚ ਮੁੜ ਸਨਮਾਨਯੋਗ ਸਥਾਨ ਹਾਸਲ ਕਰਨ ਵਿੱਚ ਵੱਡੀ ਮਦਦ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਿਭਾਗ ਤਹਿਤ ਸਰਕਾਰ ਵੱਲੋਂ ਹੋਰ ਵੀ ਬਹੁਤ ਸਾਰੀਆਂ ਸਮਾਜ ਭਲਾਈ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਪੈਨਸ਼ਨਾਂ, ਆਂਗਨਵਾੜੀ ਸੈਂਟਰ ਤੇ ਹੋਰ ਸੁਵਿਧਾਵਾਂ ਸ਼ਾਮਲ ਹਨ ਤੇ ਇਨ੍ਹਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਕੇ ਅਧਿਕਾਰੀ ਸਮਾਜ ਦੀ ਬਿਹਤਰੀ ਵਿੱਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਲ ਭਲਾਈ ਕਮੇਟੀਆਂ ਵੀ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਵਿਰੁੱਧ ਹੋਣ ਵਾਲੇ ਜ਼ੁਰਮਾਂ ਨੂੰ ਰੋਕਣ ਦਾ ਵੱਡਾ ਜ਼ਰੀਆ ਬਣ ਸਕਦੀਆਂ ਹਨ ਜਿਸ ਲਈ ਉਨ੍ਹਾਂ ਦੇ ਮੈਂਬਰ ਵੀ ਇਸ ਸਿਖਲਾਈ ਪ੍ਰੋਗਰਾਮ ਤੋਂ ਵੱਡੀ ਸਿੱਖਿਆ ਲੈ ਸਕਦੇ ਹਨ।

ਇਸ ਸਿਖਲਾਈ ਪ੍ਰੋਗਰਾਮ ਦੌਰਾਨ ਐਨ.ਆਈ.ਪੀ.ਸੀ.ਸੀ.ਡੀ. ਮੋਹਾਲੀ ਦੇ ਡਿਪਟੀ ਡਾਇਰੈਕਟਰ ਨੇ ਵਾਤਸਲਿਆ ਬਾਰੇ, ਸਾਰਾ ਦੇ ਪ੍ਰੋਗਰਾਮ ਮੈਨੇਜਰ ਸ਼ੈਲੀ ਮਿੱਤਲ ਨੇ ਗੋਦ ਲੈਣ ਦੀ ਪ੍ਰਕਿਰਿਆ ਬਾਰੇ ਅਤੇ ਬੀ.ਬੀ.ਏ. ਦੇ ਸੂਬਾ ਕੋਆਰਡੀਨੇਟਰ ਯਾਦਵਿੰਦਰ ਨੇ ਜੁਵਿਨਾਈਲ ਜਸਟਿਸ (ਅਮੈਂਡਮੈਂਟ) ਐਕਟ 2021 ਐਂਡ ਰੂਲਜ਼ 2022 ਬਾਰੇ ਵਿਸਥਾਰਤ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here