ਸਰਕਾਰੀ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਪੰਜਾਬ ਭਰ ਵਿੱਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ-ਵਿਧਾਇਕ ਬੁੱਧ ਰਾਮ
-ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਸਰਕਾਰੀ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਪੰਜਾਬ ਭਰ ਵਿੱਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ-ਵਿਧਾਇਕ ਬੁੱਧ ਰਾਮ
*ਤੰਦਰੁਸਤ ਵਿਅਕਤੀ ਹਰੇਕ 3 ਮਹੀਨਿਆਂ ਬਾਅਦ 350 ਤੋਂ 450 ਮਿਲੀਲੀਟਰ ਖੂਨ ਦਾਨ
ਕਰ ਸਕਦਾ ਹੈ-ਸੀਨੀਅਰ ਮੈਡੀਕਲ ਅਫ਼ਸਰ
ਮਾਨਸਾ, 17 ਅਕਤੂਬਰ :
ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦਾ ਜਨਮ ਦਿਨ ਪੰਜਾਬ ਭਰ ਵਿੱਚ ਖੂਨਦਾਨ ਕੈਂਪ ਲਗਾ ਕੇ ਮਨਾਇਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ ਨੇ ਸੰਤ ਬਾਬਾ ਕਿਸ਼ਨ ਦਾਸ ਸੋਸਾਇਟੀ ਦੇ ਸਹਿਯੋਗ ਨਾਲ ਪਿੰਡ ਕਲੀਪੁਰ ਵਿਖੇ ਲਗਾਏ ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨਾਗਰਿਕਾਂ ਦੇ ਜੀਵਨ ਨੂੰ ਤੰਦਰੁਸਤ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਾਨੂੰ ਸਾਰਿਆਂ ਨੂੰ ਆਮ ਅਤੇ ਐਮਰਜੈਂਸੀ ਦੋਵਾਂ ਸਥਿਤੀਆਂ ਵਿੱਚ ਸੁਰੱਖਿਅਤ ਅਤੇ ਮਿਆਰੀ ਖੂਨ ਅਤੇ ਖੂਨ ਦੇ ਪਦਾਰਥਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਖੂਨ ਦਾਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਖੂਨ ਦੀ ਦੀ ਮੰਗ ਨੂੰ ਪੂਰਾ ਕਰਨ ਦੇ ਮੰਤਵ ਨਾਲ ਇਹ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਜ਼ਖ਼ਮੀ ਜਾਂ ਲੋੜਵੰਦ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਪਵਿੱਤਰ ਸਮਾਜਿਕ ਫਰਜ਼ ਹੈ ਅਤੇ ਹਰ ਵਿਅਕਤੀ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਡਾ. ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਨੇ ਕਿਹਾ ਕਿ 18 ਤੋਂ 65 ਸਾਲ ਅਤੇ ਘੱਟੋ ਘੱਟ 50 ਕਿਲੋਗ੍ਰਾਮ ਭਾਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਹਰੇਕ 3 ਮਹੀਨਿਆਂ ਬਾਅਦ 350/450 ਮਿਲੀਲੀਟਰ ਖੂਨ ਦਾਨ ਕਰ ਸਕਦਾ ਹੈ। ਖੂਨਦਾਨ ਕਰਨ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ ਅਤੇ ਦਾਨ ਕੀਤਾ ਖੂਨ 24 ਘੰਟੇ ਤੋਂ 7 ਦਿਨਾਂ ਤੱਕ ਮਨੁੱਖੀ ਸਰੀਰ ਵਿਚ ਦੁਬਾਰਾ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਹੂ ਮਨੁੱਖੀ ਸਰੀਰ ਦਾ ਇਕ ਜ਼ਰੂਰੀ ਤੱਤ ਹੈ, ਇਸ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੋ ਸਕਦਾ ਅਤੇ ਖੂਨ ਦਾ ਕੋਈ ਬਦਲ ਨਹੀਂ ਹੋ ਸਕਦਾ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ ਨੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦੇ ਜਨਮ ਦਿਨ ਮੌਕੇ ਕੈਂਪ ਵਿੱਚ ਖੂਨਦਾਨ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਨੇਕ ਪਹਿਲਕਦਮੀ ਨੌਜਵਾਨਾਂ ਨੂੰ ਲੋੜਵੰਦਾਂ ਲਈ ਖੂਨਦਾਨ ਕਰਨ ਵਾਸਤੇ ਵੀ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਨਾਜ਼ੁਕ ਹਾਲਤਾਂ ਜਿਵੇਂ; ਦੁਰਘਟਨਾ, ਬੱਚੇ ਦੀ ਜਨਮ, ਥੈਲੇਸੀਮੀਆ ਅਤੇ ਕੈਂਸਰ, ਖੂਨ ਦੀ ਜਰੂਰਤ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਾਨ ਕੀਤੇ ਗਏ ਖੂਨ ਨੂੰ ਤੁਰੰਤ ਨਾਜ਼ੁਕ ਘੜੀ ਮੌਕੇ ਅਜਿਹੇ ਜਰੂਰਤਮੰਦ ਵਿਅਕਤੀਆਂ ਨੂੰ ਦਿੱਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ। ਸਤੀਸ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਨੇ ਖੂਨ ਦਾਨ ਕਰਨ ਵਾਲਿਆਂ ਅਤੇ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਨੂੰ ਅੱਗੇ ਆਉਣ ਅਤੇ ਮਨੁੱਖੀ ਜਾਨਾਂ ਬਚਾਉਣ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ।
ਕੈਂਪ ਦੌਰਾਨ ਖੂਨਦਾਨੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਖੂਨਦਾਨੀਆਂ ਨੂੰ ਇੱਕ ਪੌਦਾ ਅਤੇ ਸਰਟੀਫਿਕੇਟ ਭੇਂਟ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਮਾਨਸਾ/ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ, ਸਰਦਾਰ ਸੋਹਣਾ ਸਿੰਘ ਕਲੀਪੁਰ, ਚਮਕੌਰ ਸਿੰਘ ਖੁਡਾਲ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਗੁਰਦਰਸ਼ਨ ਸਿੰਘ ਪਟਵਾਰੀ, ਰਮੇਸ਼ ਖਿਆਲਾ ਜ਼ਿਲਾ ਪ੍ਰਧਾਨ ਟਰਾਂਸਪੋਰਟ ਵਿੰਗ, ਵੀਨਾ ਅਗਰਵਾਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਸ਼ਰਨਜੀਤ ਕੌਰ ਜ਼ਿਲਾ ਉਪ ਪ੍ਰਧਾਨ ਇਸਤਰੀ ਵਿੰਗ, ਗੁਰਮੀਤ ਸਿੰਘ ਖੁਰਮੀ, ਜ਼ਿਲ੍ਹਾ ਯੂਥ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ, ਕੁਲਦੀਪ ਸਿੰਘ ਟੀਟੂ ਬਲਾਕ ਪ੍ਰਧਾਨ ਮਾਨਸਾ, ਕਾਲਾ ਘੜਕ ਸਿੰਘ ਵਾਲਾ, ਐਡਵੋਕੇਟ ਸੁੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਆਈ.ਟੀ.ਵਿੰਗ, ਸੁਭਾਸ਼ ਨਾਗਪਾਲ, ਸੰਦੀਪ ਗਰਗ, ਪਾਲ ਸਿੰਘ, ਕਸ਼ਮੀਰ ਸਿੰਘ ਪ੍ਰਧਾਨ ਸੰਤ ਬਾਬਾ ਕਿਸ਼ਨ ਦਾਸ ਸੋਸਾਇਟੀ, ਸੁਖਵਿੰਦਰ ਸਿੰਘ ਬੀ.ਡੀ.ਪੀ.ਓ., ਬਲਕਾਰ ਸਿੰਘ ਤਹਿਸੀਲਦਾਰ, ਹਰਦਿਆਲ ਸਿੰਘ ਵਣ ਰੇਂਜ ਅਫਸਰ ਅਤੇ ਹਰਬੰਸ ਮੱਤੀ ਮੌਜੂਦ ਸਨ।