ਭਵਾਨੀਗੜ੍ਹ, 1 ਜੂਨ, 2023: ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਸੰਗਰੂਰ ਕਮ-ਜੁਆਇੰਟ ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਵੀ ਕੁਮਾਰ ਡੂਮਰਾ ਜੀ ਦੇ ਯੋਗ ਨਿਰਦੇਸ਼ਾਂ ਅਨੁਸਾਰ ‘ਹਰ ਘਰ ਆਂਗਣ ਯੋਗਾ’ ਥੀਮ ਤਹਿਤ ਸਰਕਾਰੀ ਮਿਡਲ ਸਕੂਲ ਸ਼ਾਹਪੁਰ ਅਤੇ ਸਰਕਾਰੀ ਮਿਡਲ ਸਕੂਲ ਨੂਰਪੁਰਾ ਵਿਖੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ‘ਯੋਗਾ ਕੈਂਪ’ ਲਗਾਇਆ ਗਿਆ। ਇਸ ਯੋਗਾ ਕੈਂਪ ਵਿੱਚ ਡਾ. ਸੰਦੀਪ ਜੈਦਕਾ ਏ ਐੱਮ ਓ ਅਤੇ ਸ਼੍ਰੀ ਮਤੀ ਸੁਖਵੀਰ ਕੌਰ ਉਪ-ਵੈਦ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਭੜੋ ਨੇ ਬੱਚਿਆਂ ਨੂੰ ਸਾਰੇ ਯੋਗ ਆਸਨਾਂ ਦੀ ਵਧੀਆ ਢੰਗ ਨਾਲ ਸਿਖਲਾਈ ਦਿੱਤੀ। ਡਾ. ਜੈਦਕਾ ਨੇ ਬੱਚਿਆਂ ਨੂੰ ਹਰ ਇੱਕ ਯੋਗਾ ਆਸਨ ਦੀ ਮਹੱਤਤਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਅਸੀਂ ਯੋਗ ਆਸਨਾਂ ਅਤੇ ਸਹੀ ਖਾਣ-ਪੀਣ ਨਾਲ ਬਿਮਾਰੀਆਂ ਤੋਂ ਬਚਾਅ ਕਰਕੇ ਨਿਰੋਗ ਅਤੇ ਸਿਹਤਮੰਦ ਜ਼ਿੰਦਗੀ ਮਾਣ ਸਕਦੇ ਹਾਂ।
ਡਾ. ਸੰਦੀਪ ਜੈਦਕਾ ਨੇ ਦੱਸਿਆ ਕਿ ਯੋਗਾ ਸਭ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਅਤਿ ਉੱਤਮ ਕਸਰਤ ਵਿਧੀ ਹੈ ਅਤੇ ਯੋਗਾ ਕਰਨ ਨਾਲ ਸਰੀਰ ਨੂੰ ਨਵੀਂ ਊਰਜਾ ਮਿਲਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਹਰ ਰੋਜ਼ ਯੋਗ ਕਰਨ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ ਕਿ ਵਧ ਰਹੇ ਰੋਗਾਂ ਅਤੇ ਕੋਵਿਡ ਤੋਂ ਬਚਾਅ ਲਈ ਸਰੀਰ ਦੀ ਅੰਦਰੂਨੀ ਤਾਕਤ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ, ਜਿਸ ਵਿੱਚ ਯੋਗਾ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਸਾਨੂੰ ਜੀਵਨਸ਼ੈਲੀ ਵਿੱਚ ਬਦਲਾਅ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਕੈਂਪ ਵਿੱਚ ਵਿਦਿਆਰਥੀਆਂ ਨੇ ਵੀ ਬਹੁਤ ਰੁਚੀ ਲਈ ਅਤੇ ਕੈਂਪ ਦੌਰਾਨ ਖ਼ੂਬ ਆਨੰਦ ਮਾਣਿਆ। ਇਸ ਮੌਕੇ ਸਕੂਲ ਇੰਚਾਰਜ ਸ੍ਰੀ ਵੀਰੇਂਦਰ ਮੋਹਨ, ਪੰਜਾਬੀ ਅਧਿਆਪਕ ਰਘਵੀਰ ਸਿੰਘ ਭਵਾਨੀਗੜ੍ਹ, ਸਾਇੰਸ ਮਾਸਟਰ ਗੁਰਪ੍ਰੀਤ ਸਿੰਘ, ਕੰਪਿਊਟਰ ਫੈਕਲਟੀ ਹਰਪ੍ਰੀਤ ਕੌਰ, ਸੋਸ਼ਲ ਸਾਇੰਸ ਅਧਿਆਪਕਾ ਗੁਰਪ੍ਰੀਤ ਕੌਰ, ਮੈਡਮ ਪੂਜਾ, ਮੈਡਮ ਮੋਨਿਕਾ ਮਿਡ-ਡੇ-ਮੀਲ ਵਰਕਰਜ਼ ਕਮਲਦੀਪ ਕੌਰ, ਬਲਜੀਤ ਕੌਰ ਅਤੇ ਦੋਹਾਂ ਸਕੂਲ ਦੇ ਸਾਰੇ ਵਿਦਿਆਰਥੀ ਹਾਜ਼ਰ ਸਨ।