ਬਿਆਸ.22 ਸਤੰਬਰ (ਬਲਰਾਜ ਸਿੰਘ ਰਾਜਾ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਲਕਾ ਦੀ ਪ੍ਰਿੰਸੀਪਲ ਦੇ ਰਵਈਏ ਵਿਰੁੱਧ ਅੱਜ ਕਈ ਪਿੰਡਾਂ ਦੇ ਬੱਚਿਆ ਦੇ ਮਾਪਿਆ ਅਤੇ ਪੰਚਾਇਤਾਂ ਵਲੋ ਦੂਸਰੇ ਦਿਨ ਵੀ ਧਰਨਾ ਲਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਵਲੋ ਵਿਸ਼ਵਾਸ ਦਿਵਾਉਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।ਉਨ੍ਹਾਂ ਵਲੋ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਸਕੂਲ ਪ੍ਰਿੰਸੀਪਲ ਵਲੋ ਬੱਚਿਆ ਅਤੇ ਸਕੂਲ ਅਧਿਆਪਕਾ ਨੂੰ ਸਵੇਰ ਦੀ ਸਭਾ ਵਿਚ ਅਪਸ਼ਬਦ ਬੋਲਣ ਤੇ ਸਕੂਲੀ ਬੱਚਿਆ ਅਤੇ ਉਨ੍ਹਾਂ ਦੇ ਮਾਪਿਆ ਵਲੋ ਸਕੂਲ ਦੇ ਅੰਦਰ ਹੀ ਰੋਸ ਧਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦੀ ਜਾਂਚ ਲਈ ਕਮੇਟੀ ਬਣਾਈ ਗਈ ਸੀ।ਜਿਸ ਦੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੁੱਜਣ ਤੋ ਪਹਿਲਾ ਹੀ ਅੱਜ ਸਵੇਰੇ ਦੁਬਾਰਾ ਪਿੰਡਾਂ ਦੇ ਪੰਚ ਸਰਪੰਚ ਅਤੇ ਬੱਚਿਆ ਦੇ ਮਾਪਿਆ ਨੇ ਸਕੂਲ ਗੇਟ ਦੇ ਉਪਰ ਰੋਸ ਧਰਨਾ ਸ਼ੁਰੂ ਕਰ ਦਿੱਤਾ ਅਤੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਉਕਤ ਪ੍ਰਿੰਸੀਪਲ ਵਿਰੁੱਧ ਵਿਭਾਗੀ ਕਰਕੇ ਮੁਅੱਤਲ ਕੀਤਾ ਜਾਵੇ ਅਤੇ ਜਾਚ ਦੌਰਾਨ ਉਸ ਦੀ ਬਦਲੀ ਕੀਤੀ ਜਾਵੇ।ਅੱਜ ਦੇ ਧਰਨੇ ਵਿਚ ਸਰਪੰਚ ਵਰਿੰਦਰ ਸਿੰਘ ਧੂਲਕਾ, ਸੁਰਮੁੱਖ ਸਿੰਘ ਬਾਣੀਆ,ਡਾ ਸਰਬਜੀਤ ਸਿੰਘ, ਅਜੀਤਪਾਲ ਸਿੰਘ ਬੰਟੀ, ਪ੍ਰਭਜੀਤ ਸਿੰਘ ਫ਼ੌਜੀ, ਬਾਬਾ ਨਿਰਮਲ ਸਿੰਘ, ਡਾ ਜਸਬੀਰ ਸਿੰਘ ,ਪਸਵਕ ਕਮੇਟੀ ਦੇ ਸਮੂਹ ਮੈਂਬਰ, ਮਿਡ ਡੇ ਮੀਲ ਵਰਕਰਾਂ ਸਮੇਤ ਵੱਡੀ ਗਿਣਤੀ ਵਿਚ ਬੱਚਿਆ ਦੇ ਮਾਪਿਆ ਨੇ ਸਕੂਲ ਪ੍ਰਿੰਸੀਪਲ ਵਿਰੁੱਧ ਧਰਨਾ ਲਾਕੇ ਭਾਰੀ ਨਾਅਰੇਬਾਜ਼ੀ ਕੀਤੀ। ਉਕਤ ਧਰਨਾਕਾਰੀਆਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਉਕਤ ਪ੍ਰਿੰਸੀਪਲ ਵਿਰੁੱਧ 30 ਸਤੰਬਰ ਤੱਕ ਕਾਰਵਾਈ ਕਰਨ ਦਾ ਸਮਾ ਦਿੱਤਾ ਹੈ। ਲਗਾਤਾਰ ਦੋ ਘੰਟੇ ਧਰਨਾ ਦੇਣ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਨੇ ਟੈਲੀਫ਼ੋਨ ਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਉਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਕਤ ਪ੍ਰਿੰਸੀਪਲ ਅੱਜ ਸਕੂਲ ਵਿਚ ਛੁੱਟੀ ਲੈ ਕੇ ਹਾਜ਼ਰ ਨਹੀਂ ਹੋਈ ।ਭਰੋਸੇਯੋਗ ਸੂਤਰਾਂ ਤੋ ਇਹ ਵੀ ਪਤਾ ਲੱਗਾ ਹੈ ਕਿ ਕੱਲ੍ਹ ਪੁੱਜੀ ਪ੍ਰਿੰਸੀਪਲਾਂ ਦੀ ਜਾਂਚ ਟੀਮ ਨੂੰ ਵੀ ਅਪਸ਼ਬਦ ਬੋਲੇ ਸਕੂਲ ਵਿਚੋਂ ਬਾਹਰ ਜਾਣ ਲਈ ਕਿਹਾ ਸੀ।
Boota Singh Basi
President & Chief Editor