ਤਰਨ ਤਾਰਨ,22 ਨਵੰਬਰ (ਰਾਕੇਸ਼ ਨਈਅਰ ‘ਚੋਹਲਾ’) -ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿਵਲ ਸਰਜਨ ਡਾ.ਦਿਲਬਾਗ ਸਿੰਘ ਦੀ ਰਹਿਨੁਮਾਈ ਹੇਠ ਸੀਨੀਅਰ ਮੈਡੀਕਲ ਅਫਸਰ ਸੁਰਸਿੰਘ ਡਾ.ਕੁਲਤਾਰ ਸਿੰਘ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ ਬੀ ਐਸ ਕੇ) ਤਹਿਤ ਸੁਰਸਿੰਘ ਦੀ ਪੱਤੀ ਲਹੀਆ ਦੇ ਰਹਿਣ ਵਾਲੇ ਪੰਜ ਸਾਲਾਂ ਗੁਰਨੂਰ ਸਿੰਘ ਦੇ ਦਿਲ ਦੇ ਛੇਕ ਦਾ ਸਫਲ ਆਪ੍ਰੇਸ਼ਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਫੋਰਟਿਸ ਹਸਪਤਾਲ ਤੋਂ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆ ਡਾ.ਕੁਲਤਾਰ ਨੇ ਦੱਸਿਆ ਕਿ ਆਰ ਬੀ ਐਸ ਕੇ ਟੀਮ ਵੱਲੋਂ ਬਲਾਕ ਭਿੱਖੀਵਿੰਡ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਆਂਗਨਵਾੜੀਆਂ ਦਾ ਰੋਜ਼ਾਨਾ ਦੌਰਾ ਕਰਕੇ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ ਅਤੇ ਸਿਹਤ ਜਾਂਚ ਦੌਰਾਨ ਉਨਾਂ ਵੱਲੋਂ ਜਦੋਂ ਸੁਰਸਿੰਘ ਸਥਿਤ ਆਂਗਨਵਾੜੀ ਕੇਂਦਰ ਦਾ ਕੁਝ ਸਮਾਂ ਪਹਿਲਾਂ ਦੌਰਾ ਕੀਤਾ ਗਿਆ ਤਾਂ ਉਨਾਂ ਨੂੰ ਗੁਰਨੂਰ ਸਿੰਘ ਬਾਰੇ ਪਤਾ ਚੱਲਿਆ।
ਉਨਾਂ ਕਿਹਾ ਕਿ ਆਰ ਬੀ ਐਸ ਕੇ ਟੀਮ ਨੇ ਸਿਹਤ ਜਾਂਚ ਦੌਰਾਨ ਪਾਇਆ ਕਿ ਗੁਰਨੂਰ ਜਮਾਂਦਰੂ ਦਿਲ ਦੇ ਰੋਗ ਤੋਂ ਪੀੜ੍ਹਤ ਹੈ ਅਤੇ ਜੇਕਰ ਇਸ ਬੱਚੇ ਦਾ ਸਮੇਂ ਸਿਰ ਆਪਰੇਸ਼ਨ ਕਰਵਾਇਆਂ ਜਾਵੇ ਤਾਂ ਇਸ ਦੀ ਕੀਮਤੀ ਜਾਨ ਬੱਚ ਸਕਦੀ ਹੈ।ਡਾ.ਕੁਲਤਾਰ ਨੇ ਕਿਹਾ ਕਿ ਸਿਹਤ ਵਿਭਾਗ ਨੇ ਬਿਨਾ ਸਮਾਂ ਗਵਾਏ ਗੁਰਨੂਰ ਦੇ ਆਪਰੇਸ਼ਨ ਦੀ ਕਵਾਇਦ ਨੂੰ ਸ਼ੁਰੂ ਕੀਤਾ ਅਤੇ ਕੁਝ ਦਿਨ ਪਹਿਲਾਂ ਉਸ ਦਾ ਸਫਲ ਆਪਰੇਸ਼ਨ ਮੁਹਾਲੀ ਵਿਖੇ ਕਰਵਾਇਆ ਗਿਆ। ਡਾ.ਕੁਲਤਾਰ ਨੇ ਕਿਹਾ ਕਿ ਗੁਰਨੂਰ ਹੁਣ ਪੂਰੀ ਤਰਾਂ ਤੰਦਰੁਸਤ ਹੈ ਅਤੇ ਉਹ ਹੁਣ ਆਮ ਬੱਚਿਆ ਵਾਂਗ ਆਪਣਾ ਜੀਵਨ ਬਤੀਤ ਕਰ ਸਕੇਗਾ।ਉਨਾਂ ਕਿਹਾ ਕਿ ਗੁਰਨੂਰ ਤੋਂ ਪਹਿਲਾਂ ਵੀ ਕਮਿਊਨਿਟੀ ਸਿਹਤ ਕੇਂਦਰ ਵੱਲੋਂ ਦਿਲ ਦੇ ਰੋਗਾਂ ਤੋਂ ਪੀੜ੍ਹਤ 8 ਬੱਚਿਆਂ ਦੇ ਸਫਲ ਆਪਰੇਸ਼ਨ ਕਰਵਾ ਕੇ ਉਨਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਡਾ.ਕੁਲਤਾਰ ਨੇ ਦੱਸਿਆ ਕਿ ਆਰ ਬੀ ਐਸ ਕੇ ਪ੍ਰਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਵਿਖੇ ਪੜ੍ਹ ਰਹੇ 2 ਤੋਂ 18 ਸਾਲ ਤੱਕ ਦੇ ਬੱਚਿਆਂ ਦਾ 30 ਦੇ ਕਰੀਬ ਇਲਾਜਯੋਗ ਬਿਮਾਰੀਆਂ ਦਾ ਮੁਫਤ ਇਲਾਜ ਕਰਵਾਇਆ ਜਾਂਦਾ ਹੈ।
ਗੁਰਨੂਰ ਦੇ ਪਿਤਾ, ਰਣਧੀਰ ਸਿੰਘ ਨੇ ਸਿਹਤ ਵਿਭਾਗ ਅਤੇੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਸਿਹਤ ਕੇਂਦਰ ਸੁਰਸਿੰਘ ਵੱਲੋਂ ਉਨਾਂ ਦੇ ਪੁੱਤਰ ਦਾ ਲੱਖਾਂ ਦੀ ਕੀਮਤ ਵਾਲਾ ਆਪਰੇਸ਼ਨ ਬਿਲਕੁਲ ਮੁਫਤ ਕਰਵਾਇਆ ਗਿਆ ਹੈ।ਉਨਾਂ ਕਿਹਾ ਕਿ ਅੱਜ ਉਨਾਂ ਦਾ ਪੁੱਤਰ ਪੂਰੀ ਤਰ੍ਹਾਂ ਠੀਕ ਹੈ ਅਤੇ ਉਨਾਂ ਦੇ ਪਰਿਵਾਰ ਵਿੱਚ ਖੁਸ਼ੀ ਵਾਲਾ ਮਾਹੌਲ ਹੈ। ਇਸ ਮੌਕੇ ਡਾ.ਕਰਮਬੀਰ ਸਿੰਘ,ਡਾ.ਦਰਪਣ ਭਗਤ, ਬਲਾਕ ਐਜੂਕੇਟਰ ਨਵੀਨ ਕਾਲੀਆ,ਫਾਰਮੇਸੀ ਅਫਸਰ ਨਵਜੋਤ ਕੌਰ ਅਤੇ ਰਜਵੰਤ ਕੌਰ ਆਦਿ ਮੌਜੂਦ ਰਹੇ।