ਨਵੀਂ ਦਿੱਲੀ, (ਦਲਜੀਤ ਕੌਰ ਭਵਾਨੀਗੜ੍ਹ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਦੀ ਬਜਾਏ ਰੋਲਣ ਦੇ ਯਤਨ ਕਰ ਰਹੀ ਹੈ। ਭਾਰਤ ਤੋਂ ਇਲਾਵਾ ਸੰਸਾਰ ਦੇ ਦੂਜੇ ਮੁਲਕਾਂ ਵਿੱਚ ਵੀ ਖੇਤੀ ਕਾਨੂੰਨਾਂ ਦਾ ਵੱਖ-ਵੱਖ ਢੰਗਾਂ ਰਾਹੀਂ ਵੱਡੀ ਪੱਧਰ ’ਤੇ ਵਿਰੋਧ ਹੋਇਆ ਹੈ। ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਸਮੇਂ ਅਮਰੀਕਾ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੇ ਸ਼ਾਂਤਮਈ ਢੰਗ ਤਰੀਕੇ ਨਾਲ ਨਰਿੰਦਰ ਮੋਦੀ ਦਾ ਵਿਰੋਧ ਕੀਤਾ। ਆਗੂਆਂ ਨੇ ਕਿਹਾ ਕਿ ਭਾਰਤ ਵਰਗੇ ਜਮਹੂਰੀਅਤ ਪਸੰਦ ਦੇਸ਼ ਵਿੱਚ ਲੋਕਤੰਤਰ ਦਾ ਸਿਰਫ਼ ਨਾਂ ਹੀ ਹੈ ਕਿਉਂਕਿ ਭਾਰਤ ਦੇ ਪਾਰਲੀਮੈਂਟ ਮੈਂਬਰਾਂ ਵਿੱਚ 233 ਦੇ ਕਰੀਬ ਅਪਰਾਧੀ ਹਨ। ਉਸ ਸਰਕਾਰ ਤੋਂ ਭਲੇ ਦੀ ਝਾਕ ਕਿਵੇਂ ਰੱਖ ਸਕਦੇ ਹੋ। ਕਰਮਜੀਤ ਕੌਰ ਅਤੇ ਬਚਿੱਤਰ ਕੌਰ ਤਲਵੰਡੀ ਮੱਲੀਆਂ ਨੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਜਿਹੜੀਆਂ ਹਕੂਮਤਾਂ ਹੱਕ ਮੰਗਦੇ ਸੰਘਰਸ਼ੀ ਲੋਕਾਂ ਨੂੰ ਆਪਣੇ ਧੱਕੜਸ਼ਾਹੀ ਰਵੱਈਏ ਨਾਲ ਸਿੱਧੀਆਂ ਗੱਡੀਆਂ ਚੜ੍ਹਾ ਕੇ ਕਤਲ ਕਰਦੀ ਹੈ ਇਹੋ ਜਿਹੀਆਂ ਕਾਤਲ ਹਕੂਮਤਾਂ ਨੂੰ ਦੇਸ਼ ਤੇ ਰਾਜ ਕਰਨ ਦਾ ਕੋਈ ਹੱਕ ਨਹੀਂ। ਮਾਨਸਾ ਦੇ ਜ਼ਿਲ੍ਹਾ ਆਗੂ ਉੱਤਮ ਸਿੰਘ ਅਤੇ ਭਵਾਨੀਗੜ੍ਹ ਬਲਾਕ ਦੇ ਆਗੂ ਮਨਜੀਤ ਸਿੰਘ ਘਰਾਚੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਪਿਛਲੇ ਦੱਸ ਮਹੀਨਿਆਂ ਤੋਂ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ। ਭਾਰਤ ਸਰਕਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਸਰਕਾਰ ਵੱਖ ਵੱਖ ਢੰਗਾਂ ਰਾਹੀਂ ਕਿਸਾਨੀ ਸੰਘਰਸ਼ ਨੂੰ ਲੀਹ ਤੋਂ ਲਾਹੁਣ ਲਈ ਆਪਣੇ ਗੁੰਡਿਆਂ ਰਾਹੀਂ ਦਹਿਸ਼ਤ ਫੈਲਾ ਰਹੀ ਹੈ, ਪਰ ਕਿਸਾਨ ਜਥੇਬੰਦੀਆਂ ਆਪਣੀ ਸੂਝਬੂਝ ਦੇ ਨਾਲ ਪੂਰੇ ਜਬਰ ਦੇ ਦ੍ਰਿੜ੍ਹ ਇਰਾਦੇ ਨਾਲ ਜਦ ਤਕ ਖੇਤੀ ਕਾਨੂੰਨਾ ਨੂੰ ਰੱਦ ਨਹੀਂ ਹੁੰਦੇ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ। ਅੱਜ ਸਟੇਜ ਸਕੱਤਰ ਦੀ ਭੂਮਿਕਾ ਜਗਰਾਜ ਸਿੰਘ ਦੱਧਾਹੂਰ ਮੋਗਾ ਨੇ ਨਿਭਾਈ ਅਤੇ ਸਟੇਜ ਤੋਂ ਮਲਕੀਤ ਸਿੰਘ ਹੇੜੀਕੇ, ਰਘਵੀਰ ਸਿੰਘ ਨਿਆਲ ਅਤੇ ਮੇਜਰ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।
Boota Singh Basi
President & Chief Editor