* ਕੈਬਨਿਟ ਮੰਤਰੀ ਨੇ ਵੱਖ-ਵੱਖ ਪਿੰਡਾਂ ’ਚ ਮੁਕੰਮਲ ਹੋਏ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ
ਦੀਨਾਨਗਰ, (ਸਰਬਜੀਤ ਸਾਗਰ) -ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਲੰਘੇ ਦਿਨ ਆਪਣੇ ਹਲਕੇ ਦੇ ਪਿੰਡ ਸੇਖਾ, ਧੂਤ, ਦੋਰਾਂਗਲਾ ਅਤੇ ਇਸਲਾਮਪੁਰ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ। ਮੰਤਰੀ ਵੱਲੋਂ ਪਹਿਲਾ ਪ੍ਰੋਗਰਾਮ ਪਿੰਡ ਸੇਖਾ ਵਿਖੇ ਕੀਤਾ ਗਿਆ, ਜਿੱਥੇ ਉਨ੍ਹਾਂ ਕ੍ਰਿਸ਼ਚਨ ਧਰਮਸ਼ਾਲਾ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ’ਚ ਉਸਾਰੇ ਗਏ ਚਾਰ ਸਮਾਰਟ ਕਮਰਿਆਂ ਦਾ ਉਦਘਾਟਨ ਕਰਕੇ ਇਨ੍ਹਾਂ ਨੂੰ ਬੱਚਿਆਂ ਦੇ ਬੈਠਣ ਅਤੇ ਪੜ੍ਹਣ ਲਈ ਉਨ੍ਹਾਂ ਨੂੰ ਸਮਰਪਿਤ ਕੀਤਾ। ਇਸ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਧੂਤ ਵਿਖੇ 6.13 ਲੱਖ ਰੁਪਏ ਨਾਲ ਬਣਾਏ ਗਏ ਕਲਾਸ ਰੂਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਂਗਲਾ ਵਿਖੇ 7.5 ਲੱਖ ਰੁਪਏ ਨਾਲ ਉਸਾਰੀ ਗਈ ਲਾਇਬ੍ਰੇਰੀ, ਸਰਕਾਰੀ ਪ੍ਰਾਇਮਰੀ ਸਕੂਲ ਦੋਰਾਂਗਲਾ ’ਚ 15.2 ਲੱਖ ਰੁਪਏ ਨਾਲ ਤਿਆਰ ਹੋਏ ਦੋ ਸਮਾਰਟ ਕਮਰੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਇਸਲਾਮਪੁਰ ਵਿਖੇ ਬਣੇ ਇੱਕ ਸਮਾਰਟ ਕਮਰੇ ਦਾ ਵੀ ਰਸਮੀ ਉਦਘਾਟਨ ਕੀਤਾ। ਇਨ੍ਹਾਂ ਥਾਵਾਂ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸੇ ਕਰਕੇ ਸਰਕਾਰੀ ਸਕੂਲਾਂ ਅੰਦਰ ਸਮਾਰਟ ਕਮਰੇ ਬਣਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਅੰਦਰ ਹੀ ਪ੍ਰਾਈਵੇਟ ਸਕੂਲਾਂ ਵਰਗਾ ਮਾਹੌਲ ਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਅੰਦਰ ਦਾਖ਼ਲ ਕਰਵਾਉਣ। ਇਸ ਦੌਰਾਨ ਇਸਲਾਮਪੁਰ ਸਕੂਲ ਵਿਖੇ ਸਮੂਹ ਸਟਾਫ਼ ਵੱਲੋਂ ਕੈਬਨਿਟ ਮੰਤਰੀ ਅਰੁਨਾ ਚੌਧਰੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮਦਨ ਲਾਲ ਸ਼ਰਮਾ, ਡੀਈਓ (ਸੈਕੰਡਰੀ) ਹਰਪਾਲ ਸਿੰਘ ਸੰਘਾਵਾਲੀਆ, ਡਿਪਟੀ ਡੀਈਓ ਬਲਬੀਰ ਸਿੰਘ, ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਪਿ੍ਰੰਸੀਪਲ ਸੰਦੀਪ ਕੁਮਾਰ, ਮੈਡਮ ਅੰਜੂ ਬਾਲਾ, ਬੀਪੀਈਓ ਰਾਕੇਸ਼ ਕੁਮਾਰ, ਮਾਸਟਰ ਜਸਵੀਰ ਸਿੰਘ, ਸਰਪੰਚ ਬਲਵਿੰਦਰ ਕੌਰ ਧੂਤ, ਸਰਪੰਚ ਕੁਲਵੰਤ ਸਿੰਘ ਸੇਖਾ, ਜ਼ੋਨ ਇੰਚਾਰਜ ਤਰਸੇਮ ਸ਼ਰਮਾ, ਜ਼ੋਨ ਇੰਚਾਰਜ ਵਰਿੰਦਰ ਸਿੰਘ ਨੌਸ਼ਹਿਰਾ, ਜ਼ੋਨ ਇੰਚਾਰਜ ਵਰਿੰਦਰ ਦੋਰਾਂਗਲਾ, ਸੁਭਾਸ਼ ਡੁੱਗਰੀ, ਡਾ. ਨੋਨੀ ਅਤੇ ਕਪਿਲ ਦੋਰਾਂਗਲਾ ਤੋਂ ਇਲਾਵਾ ਉਕਤ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ।
Boota Singh Basi
President & Chief Editor