ਸਰਦੀਆਂ ‘ਚ ਬਿਜਲੀ ਕੱਟਾਂ ਨੇ ਬਦਲਾਅ ਦਾ ਅਸਲ ਚਿਹਰਾ ਕੀਤਾ ਬੇਨਕਾਬ: ਕੰਵਲਜੀਤ ਖੰਨਾ 

0
61
ਮਜਦੂਰਾਂ ਦੇ ਬਿਲਾਂ ‘ਚ ਪੁਰਾਣੀਆਂ ਰਕਮਾਂ ਜੋੜਣ ਖਿਲਾਫ਼ ਸੰਘਰਸ਼ ਦਾ ਐਲਾਨ; ਮੀਟਰ ਕੱਟਣ ਦਾ ਵਿਰੋਧ
ਚੰਡੀਗੜ੍ਹ,
ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਬਦਲਾਅ ਵਾਲੀ ਸਰਕਾਰ ਤਾਂ ਪਿਛਲੇ ਡੇਢ ਸਾਲ ਤੋਂ ਡੰਡ ਇਹ ਪਾ ਰਹੀ ਹੈ ਕਿ ਪੰਜਾਬ ਚ ਬਿਜਲੀ ਦੀ ਕੋਈ ਤੋਟ ਨਹੀਂ ਆਉਣ ਦਿਤੀ ਜਾਵੇਗੀ। ਪਰ ਅਜੇ ਤਾਂ ਸਰਦੀਆਂ ਹਨ, ਕੁਝ ਪ੍ਰਤੀਸ਼ਤ ਲੋਕ ਹੀ ਗੀਜਰ ਚਲਾਉਂਦੇ ਹੋਣਗੇ ਫਿਰ ਇਹ ਤੋਟ ਕਿਓਂ ? ਜੇ ਸਰਦੀਆਂ ਚ ਇਹ ਹਾਲ ਹੈ ਤਾਂ ਮਾਨ ਸਾਹਿਬ ਗਰਮੀਆਂ ‘ਚ ਕੀ ਹਸ਼ਰ ਹੋਵੇਗਾ? ਲੋਹੜਾ ਤਾਂ ਇਸ ਗੱਲ ਦਾ ਹੈ ਕਿ ਬਿਜਲੀ ਬਿਲ ਜੀਰੋ ਦੀ ਇਸ਼ਤਿਹਾਰ ਬਾਜੀ ਤੇ ਕੇਜਰੀਵਾਲ ਦਾ ਇਹ ਮੌਤਵੰਨਾ ਜਿਨੇ ਸਰਕਾਰੀ ਲੱਖਾਂ ਦੀ ਗਿਣਤੀ ਚ ਪੈਸੇ ਨੂੰ ਰੋੜ ਰਿਹਾ ਹੈ, ਇਸ ਦੀ ਇਜਾਜਤ ਇਸ ਨੂੰ ਕਿਸਨੇ ਦਿੱਤੀ ਹੈ। ਰਾਜਸੱਤਾ ਤੇ ਕਬਜੇ ਦਾ ਅਰਥ ਜੇ ਮਨਆਈਆਂ ਕਰਨਾ ਹੁੰਦੈ ਤਾਂ ਦੇਖ ਲਓ ਅਕਾਲੀ ਕਾਂਗਰਸੀ ਜੇਲਾਂ ‘ਚ ਸਾਹ ਘੜੀਸਣ ਲਈ ਮਜਬੂਰ ਹਨ ਤਾਂ ਫਿਰ ਤੁਸੀਂ ਵੀ ਇਸ ਹਸ਼ਰ ਲਈ ਤਿਆਰ ਰਹੋ। ਪੰਜਾਬ ਸਰਕਾਰ ਵਲੋਂ ਥਰਮਲ ਖਰੀਦਣ ਦੇ ਦਮਗਜਿਆਂ ਦੇ ਬਾਵਜੂਦ ਜੇ ਪਿੰਡਾਂ ‘ਚ ਦਸ ਦਸ ਘੰਟੇ ਕੱਟ ਲਗ ਰਹੇ ਹਨ ਤਾਂ ਫਿਰ ਸਮਝਿਆ ਜਾ ਸਕਦਾ ਹੈ ਕਿ ਇਸ ਸਰਕਾਰ ਦੇ ਪੱਲੇ ਵੀ ਕੁੱਝ ਨਹੀਂ ਹੈ। ਉਨਾਂ ਪੰਜਾਬ ‘ਚ ਬਿਜਲੀ ਕੱਟ ਖਤਮ ਕਰਨ, ਖੇਤੀ ਮੋਟਰਾਂ ਅਤੇ ਘਰੇਲੂ ਬਿਜਲੀ ਸਪਲਾਈ ਪੂਰਾ ਸਮਾਂ ਜਾਰੀ ਰੱਖਣ ਦੀ ਜੋਰਦਾਰ ਮੰਗ ਕੀਤੀ ਹੈ।
ਇਸੇ ਦੋਰਾਨ ਪੇਂਡੂ ਮਜਦੂਰ ਯੂਨੀਅਨ (ਮਸ਼ਾਲ ) ਦੇ ਆਗੂਆਂ ਜਸਵਿੰਦਰ ਸਿੰਘ ਕਾਕਾ ਭੁਮਾਲ ਅਤੇ ਮਦਨ ਸਿੰਘ ਜਗਰਾਂਓ ਨੇ ਮੰਗ ਕੀਤੀ ਕਿ ਬਿਜਲੀ ਕੱਟ ਤੁਰੰਤ ਬੰਦ ਕੀਤੇ ਜਾਣ, ਘਰਾਂ ਨੂੰ ਚੌਵੀ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਦੋਹਾਂ ਆਗੂਆਂ ਨੇ ਪੁਰਾਣੇ ਰੱਦ ਕਰਾਏ ਬਿਲ ਦੁਬਾਰਾ ਬਿਲਾਂ ‘ਚ ਲਗਾ ਕੇ ਭੇਜਣ ਅਤੇ ਇਸ ਆੜ ‘ਚ ਪਿੰਡਾਂ ‘ਚ ਦਲਿਤਾਂ ਦੇ ਮੀਟਰ ਕੱਟਣ ਦੀ ਮਸ਼ਕ ਸ਼ੁਰੂ ਕਰਨ ਦਾ ਵੀ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਪਾਵਰਕਾਮ ਅਧਿਕਾਰੀ ਇਸ ਮਸਲੇ ਦਾ ਹੱਲ ਕੱਢਣ ਨਹੀਂ ਤਾਂ ਬਿਜਲੀ ਦਫਤਰਾਂ ਦੇ ਅਣਮਿਥੇ ਸਮੇਂ ਦੇ ਘਿਰਾਓ ਲਈ ਮਜਦੂਰ ਮਜਬੂਰ ਹੋਣਗੇ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਪੇੰਡੂ ਮਜਦੂਰ ਯੂਨੀਅਨ ਮਸ਼ਾਲ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨੀ ਮੰਗਾਂ ਹਾਸਲ ਕਰਨ ਲਈ ਟਰੈਕਟਰ ਪਰੇਡ ਦੀ ਜੋਰਦਾਰ ਹਿਮਾਇਤ ਦਾ ਐਲਾਨ ਕੀਤਾ ਹੈ।

LEAVE A REPLY

Please enter your comment!
Please enter your name here