ਸਲਾਈਟ ਲੌਂਗੋਵਾਲ ਅੱਗੇ ਭੁੱਖ ਹੜਤਾਲ ਤੇ ਰੋਸ ਧਰਨਾ ਜਾਰੀ

0
70

ਸਲਾਈਟ ਲੌਂਗੋਵਾਲ ਅੱਗੇ ਭੁੱਖ ਹੜਤਾਲ ਤੇ ਰੋਸ ਧਰਨਾ ਜਾਰੀ

ਦਲਜੀਤ ਕੌਰ
ਲੌਂਗੋਵਾਲ, 9 ਫਰਵਰੀ, 2025: ਨਗਰ ਨਿਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਇੰਜੀਨੀਅਰਿੰਗ ਕਾਲਜ ਦੀ ਮੈਨੇਜਮੈਂਟ ਦੇ ਖਿਲਾਫ ਸ਼ੁਰੂ ਕੀਤਾ ਲੜੀਵਾਰ ਧਰਨਾ ਤੇ ਭੁੱਖ ਹੜਤਾਲ ਅੱਜ ਵੀ ਜਾਰੀ ਰਹੀ। ਮੈਨੇਜਮੈਂਟ ਵੱਲੋਂ ਧਰਨਾਕਾਰੀਆਂ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਅਤੇ ਨਾਂਹਪੱਖੀ ਰਵੱਈਆ ਅਪਣਾ ਕੇ ਰੱਖਿਆ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਬੀਕੇਯੂ ਏਕਤਾ ਆਜ਼ਾਦ ਦੇ ਆਗੂ ਕਰਨੈਲ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬੂਟਾ ਸਿੰਘ ਜੱਸੇਕਾ ਨੇ ਦੱਸਿਆ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਇੰਜੀਨੀਅਰਿੰਗ ਕਾਲਜ ਬਣਾਉਣ ਲਈ ਲੌਂਗੋਵਾਲ ਦੇ ਕਿਸਾਨਾਂ ਦੀ ਕਾਫੀ ਜਮੀਨ ਰੋਕੀ ਗਈ, ਉਸ ਸਮੇਂ ਕਿਸੇ ਨੇ ਵੀ ਇਸ ਗੱਲ ਦਾ ਖਿਆਲ ਨਹੀਂ ਕੀਤਾ ਕਿ ਜਮੀਨ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਅਤੇ ਨਗਰ ਨਿਵਾਸੀਆਂ ਲਈ ਇਸ ਸੰਸਥਾ ਵੱਲੋਂ ਕੋਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ ਅਤੇ ਇਲਾਕੇ ਲਈ ਪੜ੍ਹਾਈ ਦਾ ਵਿਸ਼ੇਸ਼ ਕੋਟਾ ਰੱਖਿਆ ਜਾਵੇ। ਪਿਛਲੇ ਸਮੇਂ ਤੋਂ ਨਗਰ ਨਿਵਾਸੀਆਂ ਵੱਲੋਂ ਜਦੋਂ ਮੈਨੇਜਮੈਂਟ ਦੇ ਖਿਲਾਫ ਸੰਘਰਸ਼ ਕੀਤਾ ਗਿਆ ਤਾਂ ਉਸ ਸਮੇਂ ਦੇ ਸਲਾਈਟ ਦੇ ਡਾਇਰੈਕਟਰ ਸ੍ਰੀ ਸ਼ੈਲਿੰਦਰ ਜੈਨ ਨੇ ਇਹ ਗੱਲ ਮੰਨੀ ਕਿ ਜਮੀਨ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਤੇ ਸੰਸਥਾ ਵਿੱਚ ਰੁਜ਼ਗਾਰ ਦਿੱਤਾ ਜਾਵੇਗਾ, ਸੰਸਥਾ ਵੱਲੋਂ ਇਲਾਕੇ ਦੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਸੰਸਥਾ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਦਾਖਲਾ ਟੈਸਟ ਦੀ ਤਿਆਰੀ ਸਲਾਈਟ ਵੱਲੋਂ ਫਰੀ ਕਰਵਾਈ ਜਾਵੇਗੀ ਅਤੇ ਇਸੇ ਤਰ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸ ਫਰੀ ਕਰਵਾਏ ਜਾਣਗੇ ਅਤੇ ਸਲਾਈਟ ਅੰਦਰ ਕੰਮ ਕਰਦੇ ਵਰਕਰਾਂ ਨੂੰ ਵੀ ਕਿਰਤ ਵਿਭਾਗ ਵੱਲੋਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਕਾਲਜ ਲਈ ਜਮੀਨ ਦੇਣ ਵਾਲੇ ਪਰਿਵਾਰਾਂ ਦੇ ਜੋ ਵਿਅਕਤੀ ਪਹਿਲਾਂ ਅੰਦਰ ਕੰਮ ਕਰ ਰਹੇ ਹਨ ਉਹਨਾਂ ਨੂੰ ਅਪਗ੍ਰੇਡ ਕਰਕੇ ਹਾਈ ਸਕਿੱੱਲਡ ਕੀਤਾ ਜਾਵੇਗਾ ਪਰ ਹੁਣ ਮੌਜੂਦਾ ਮੈਨੇਜਮੈਂਟ ਉਨਾਂ ਗੱਲਾਂ ਤੋਂ ਭੱਜ ਰਹੀ ਹੈ ਅਤੇ ਪਿੰਡ ਦੇ ਤੇ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਵੀ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਸਕੂਲਾਂ ਤੱਕ ਵੀ ਮੈਨੇਜਮੈਂਟ ਵੱਲੋਂ ਪਹੁੰਚ ਨਹੀਂ ਕੀਤੀ ਜਾ ਰਹੀ ਨਾ ਹੀ ਇਲਾਕੇ ਲਈ ਕੋਈ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਬਲਕਿ ਇਲਾਕੇ ਦੇ ਮੁਹਤਬਰ ਵਿਅਕਤੀਆਂ ਨੂੰ ਵੀ ਮੈਨੇਜਮੈਂਟ ਵੱਲੋਂ ਲਾਰੇ ਲੱਪੇ ਲਾਏ ਜਾਂਦੇ ਹਨ। ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਮੈਨੇਜਮੈਂਟ ਵਿੱਚ ਬੈਠੇ ਕੁਝ ਲੋਕ ਨਹੀਂ ਚਾਹੁੰਦੇ ਕਿ ਇਲਾਕੇ ਦੀ ਤਰੱਕੀ ਹੋਵੇ ਅਤੇ ਇਸ ਸੰਸਥਾ ਨਾਲ ਇਲਾਕੇ ਦੇ ਲੋਕਾਂ ਦਾ ਮੇਲ ਜੋਲ ਵਧੇ, ਉਹ ਸਿਰਫ ਆਪਣੀ ਹੀ ਪਕੜ ਮੈਨੇਜਮੈਂਟ ਤੇ ਬਣਾ ਕੇ ਰੱਖਣਾ ਚਾਹੁੰਦੇ ਹਨ ਅਤੇ ਸਥਾਨਕ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੇ ਮੇਲਜੋਲ ਤੋਂ ਇਨਕਾਰੀ ਹਨ।ਮੈਨੇਜਮੈਂਟ ਵਿਚਲੇ ਅਜਿਹੇ ਨਾ ਪੱਖੀ ਲੋਕਾਂ ਦੀ ਵਜਹਾ ਕਰਕੇ ਹੀ ਇਲਾਕਾ ਵਾਸੀਆਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ ਅਤੇ ਕੱਲ ਤੋਂ ਲਗਾਤਾਰ ਭੁੱਖ ਹੜਤਾਲ ਜਾਰੀ ਹੈ।
ਅੱਜ ਦੂਜੇ ਜੱਥੇ ਵਿੱਚ ਕਾਕਾ ਸਿੰਘ, ਕਾਲਾ ਸਿੰਘ, ਉਦੇ ਸਿੰਘ ਅਤੇ ਸਤਗੁਰ ਸਿੰਘ 24 ਘੰਟਿਆਂ ਲਈ ਭੁੱਖ ਹੜਤਾਲ ਤੇ ਬੈਠੇ ਅਤੇ ਮੋਰਚੇ ਵੀ ਦਿਨ ਰਾਤ ਲਗਾਤਾਰ ਚੱਲੇਗਾ।ਆਗੂਆਂ ਨੇ ਸਲਾਈਟ ਮੈਨੇਜਮੈਂਟ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਨਾ ਕਰਨ ਅਤੇ ਅੜੀਅਲ ਅਪਣਾਉਣ ਤੇ ਅੱਜ ਸੱਦਾ ਦਿੱਤਾ ਕਿ ਸੋਮਵਾਰ 10 ਫਰਵਰੀ ਨੂੰ ਪਿੰਡ ਵਾਸੀਆਂ ਦਾ ਭਾਰੀ ਇਕੱਠ ਕਰਕੇ ਸੰਘਰਸ਼ ਅੱਗੇ ਵਧਾਇਆ ਜਾਵੇਗਾ।
ਅੱਜ ਦੇ ਰੋਸ ਧਰਨੇ ਨੂੰ ਇਹਨਾਂ ਆਗੂਆਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸੁਖਦੇਵ ਸਿੰਘ ਉੱਭਾਵਾਲ, ਗੁਰਮੇਲ ਸਿੰਘ ਉਭਾਵਾਲ, ਬਹਾਦਰਪੁਰ ਇਕਾਈ ਦੇ ਪ੍ਰਧਾਨ ਸਤਵਿੰਦਰ ਸਿੰਘ ਹਰਦੀਪ ਸਿੰਘ, ਰਾਜਾ ਸਿੰਘ ਜੈਦ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਸਰਪੰਚ, ਨਿਸ਼ਾਨ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਪ੍ਰਧਾਨ, ਜਥੇਦਾਰ ਸੁਖਦੇਵ ਸਿੰਘ ਅਤੇ ਬਹਾਦਰ ਸਿੰਘ ਕੈਂਬੋਵਾਲ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here