ਸੁਨਾਮ ਊਧਮ ਸਿੰਘ ਵਾਲਾ, 25 ਦਸੰਬਰ, 2022: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਸ਼ਹੀਦ ਊਧਮ ਸਿੰਘ ਨਾਲ ਸੰਬੰਧਤ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਮੰਨਵਾਉਣ ਲਈ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ਼ ਸ਼ਹਿਰ ਵਿੱਚ ਇਹ ਰੋਸ ਮਾਰਚ ਕਰਕੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਮਨ ਅਰੋੜਾ ਜੀ ਨੂੰ ਮੰਗ ਪੱਤਰ ਦਿੱਤਾ ਹੈ। ਆਗੂਆਂ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਸ੍ਰੀ ਅਮਨ ਅਰੋੜਾ ਨੂੰ ਪਹਿਲਾਂ ਵੀ ਮੰਗ ਦੇ ਚੁੱਕੇ ਹਾਂ ਪਰ ਅਫਸੋਸ ਹੈ ਹੁਣ ਤੱਕ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਸਾਨੂੰ ਰੋਸ ਮਾਰਚ ਕਰਨ ਲਈ ਮਜਬੂਰ ਹੋਣਾ ਪਿਆ ਹੈ। ਦੇਸ਼ ਦੀ ਆਜ਼ਾਦੀ ਲਈ ਹੱਸ ਹੱਸ ਕੇ ਫਾਂਸੀ ਚੜ੍ਹਨ ਵਾਲੇ ਸਾਡੇ ਸ਼ਹੀਦ ਊਧਮ ਸਿੰਘ ਨੂੰ ਲੰਮੇ ਸਮੇਂ ਤੋਂ ਅਣਗੋਲਿਆਂ ਕੀਤਾ ਹੋਇਆ ਹੈ। ਅਸੀ ਭੁੱਲ ਗਏ ਹਾਂ ਕਿ ਜੇਕਰ ਅਸੀ ਅੱਜ ਕੁਝ ਆਜ਼ਾਦ ਹਾਂ ਇਸ ਲਈ ਇਹਨਾਂ ਦਾ ਖੂਨ ਡੁੱਲਿਆ ਹੈ। ਇਹਨਾਂ ਨੂੰ ਅਣਗੋਲੇ ਕਰਨਾ ਸ਼ਰਮਨਾਕ ਹੈ। ਮਿਊਜ਼ੀਅਮ ਬਣਨ ਦੇ ਸਵਾ ਸਾਲ ਬਾਅਦ ਵੀ ਇਹਨਾਂ ਦਾ ਸਮਾਨ ਥਾਂ ਥਾਂ ਦੇਸ਼- ਵਿਦੇਸ਼ ਵਿੱਚ ਰੁਲ ਰਿਹਾ ਹੈ। ਮੈਮੋਰੀਅਲ ਵਿਚ ਵੀ ਕਿਸੇ ਹੋਰ ਦਾ ਬੁੱਤ ਲਗਾ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਜਲਦੀ ਉਹਨਾਂ ਦੀ ਸ਼ਕਲ ਨਾਲ ਮਿਲਦਾ ਬੁੱਤ ਚੰਗੇ ਘਾੜੇ ਤੋ ਬਣਵਾ ਕੇ ਲਗਾਇਆ ਜਾਵੇਗਾ ਪਰ ਅਜੇ ਤੱਕ ਕੁਝ ਨਹੀ ਹੋਇਆ।
ਮੰਚ ਆਗੂਆਂ ਨੇ ਦੱਸਿਆ ਕਿ ਜਦੋਂ ਤੱਕ ਸ਼ਹੀਦ ਦੀਆਂ ਮੰਗਾਂ ਸਰਕਾਰ ਵੱਲੋਂ ਪੁਰੀਆਂ ਨਹੀਂ ਕੀਤੀਆਂ ਜਾਂਦੀਆਂ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਅਸੀ ਸ਼ਹੀਦ ਨਾਲ ਹੋ ਰਹੀ ਬੇਇਨਸ਼ਾਫੀ ਦੀ ਗੱਲ ਇਲਾਕੇ ਦੇ ਲੋਕਾਂ ਵਿੱਚ ਲੈਕੇ ਜਾਵਾਂਗੇ। ਇਸ ਮੌਕੇ ਵਿਦਿਆਰਥੀਆਂ ਵੱਲੋ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਮਾਰਚ ਵਿੱਚ ਮੰਚ ਦੇ ਮੈਂਬਰਾਂ ਸਮੇਤ ਹੋਰ ਕਈ ਲੋਕ ਪੱਖੀ ਜੱਥੇਬੰਦੀਆਂ ਦੇ ਆਗੂਆਂ ਅਨਿਲ ਕੁਮਾਰ, ਰਾਕੇਸ਼ ਕੁਮਾਰ, ਪੀ ਐਸ ਯੂ (ਲਲਕਾਰ) ਵੱਲੋੰ ਬਬਲੂ ਤੇ ਅਮਨ, ਬੀਕੇਯੂ ਉਗਰਾਹਾਂ ਦੇ ਆਗੂ ਗੁਰਚਰਨ ਲਹਿਰਾਂ, ਡੀਟੀਐੱਫ ਦੇ ਜਿਲ਼ਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ, ਜਿਲ਼ਾ ਸਕੱਤਰ ਹਰਭਗਵਾਨ ਗੁਰਨੇ ਸਮੇਤ ਜਿਲ੍ਹਾ ਆਗੂ ਟੀਮ ਪਹੁੰਚੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ, ਬਲਜੀਤ, ਵਿਦਿਆਰਥੀ ਆਗੂ ਸੰਦੀਪ, ਸੁਖਜੀਤ, ਤਰਕਸ਼ੀਲ ਦੇ ਜੋਨ ਆਗੂ ਪਰਮਵੇਦ, ਜਮਹੂਰੀ ਅਧਿਕਾਰ ਸਭਾ ਵਲੋਂ ਇਕਬਾਲ ਕੌਰ ਤੇ ਅਮਰੀਕ ਖੋਖਰ ਸਮੇਤ ਹੋਰ ਕਈ ਆਗੂ ਸ਼ਾਮਲ ਹੋਏ