ਸੁਨਾਮ ਊਧਮ ਸਿੰਘ ਵਾਲਾ, 15 ਫਰਵਰੀ, 2023: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂਆਂ ਨੇ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਆਪਣੀ ਅਨਮੋਲ ਜ਼ਿੰਦਗੀ ਕੁਰਬਾਨ ਕਰਨ ਵਾਲੇ ਸਾਡੇ ਸ਼ਹਿਰ ਦੇ ਜੰਮਪਲ ਤੇ ਕੌਮੀ ਸ਼ਹੀਦ, ਸ਼ਹੀਦ ਊਧਮ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਅਣਗੌਲਿਆਂ ਕੀਤਾ ਜਾ ਰਿਹਾ ਹੈ ।
ਸੁਨਾਮ ਊਧਮ ਸਿੰਘ ਵਾਲਾ ਵਿੱਚ ਮਿਊਜ਼ੀਅਮ ਬਣਨ ਤੋਂ ਡੇਢ ਸਾਲ ਬਾਅਦ ਸ਼ਹੀਦ ਸੰਬੰਧੀ ਇੱਕ ਵੀ ਸਮਾਨ ਮਿਊਜ਼ੀਅਮ ਵਿੱਚ ਲਿਆ ਕਿ ਨਹੀ ਰੱਖਿਆ ਗਿਆ। ਅੱਜ ਵੀ ਉਨ੍ਹਾਂ ਦਾ ਸਮਾਨ ਦੇਸ਼ ਤੇ ਵਿਦੇਸ਼ ਵਿੱਚ ਰੁਲ ਰਿਹਾ ਹੈ। ਸ਼ਹੀਦ ਊਧਮ ਸਿੰਘ ਜੀ ਦੀਆਂ ਅਸਥੀਆਂ ਦੇ ਦੋਵੇ ਕਲਸ਼ ਅੱਜ ਵੀ ਸੁਨਾਮ ਊਧਮ ਸਿੰਘ ਵਾਲਾ ਦੇ ਸਰਕਾਰੀ ਕਾਲਜ ਦੀ ਲਾਇਬਰੇਰੀ ਵਿੱਚ ਪਏ ਹਨ। ਉਹ ਵੀ ਨਵੇਂ ਬਣੇ ਮਿਊਜ਼ੀਅਮ ਵਿੱਚ ਨਹੀ ਰੱਖੇ ਗਏ। ਨਵੇਂ ਬਣੇ ਮੈਮੋਰੀਅਲ ਵਿਚ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਥਾਂ ਕਿਸੇ ਹੋਰ ਦਾ ਲਗਾਇਆ ਬੁੱਤ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਵੀ ਅੱਜ ਤੱਕ ਬਦਲਿਆ ਨਹੀ ਗਿਆ।
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਪਿਛਲੇ ਡੇਢ ਸਾਲ ਤੋ ਸ਼ਹੀਦ ਊਧਮ ਸਿੰਘ ਜੀ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮੰਨਵਾਉਣ ਲਈ ਮੰਚ ਵੱਲੋੋਂ ਐੱਸ.ਡੀ.ਐੱਮ., ਡੀ.ਸੀ. , ਸਭਿਆਚਾਰਕ ਵਿਭਾਗ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਅਤੇ ਮੁੱਖ ਮੰਤਰੀ ਤੋਂ ਕਈ ਵਾਰ ਮਿਲਣ ਦਾ ਸਮਾਂ ਮੰਗ ਚੁੱਕੇ ਹਾਂ।
ਕੈਬਨਿਟ ਮੰਤਰੀ ਅਮਨ ਅਰੋੜਾ ਜੀ ਨੂੰ ਸ਼ਹੀਦ ਸੰਬੰਧੀ ਮੰਗਾਂ ਬਾਰੇ ਮੰਚ ਵੱਲੋ 24 ਮਾਰਚ 2022 ਨੂੰ ਮਿਲ ਕੇ ਮੰਗ ਪੱਤਰ ਦੇ ਚੁੱਕੇ ਹਾਂ ਤੇ ਫੇਰ ਦੁਬਾਰਾ 25 ਦਸੰਬਰ 2022 ਨੂੰ ਸ਼ਹਿਰ ਵਿਚ ਰੋਸ ਮਾਰਚ ਕਰਕੇ ਇਹਨਾਂ ਦੇ ਕੋਠੀ ਮੰਗ ਪੱਤਰ ਦੇ ਚੁੱਕੇ ਹਾਂ, ਪਰ ਇਹਨਾਂ ਨੇ ਵੀ ਦਸ ਮਹੀਨੇ ਬਾਅਦ ਅੱਜ ਤੱਕ ਸ਼ਹੀਦ ਦੀ ਇੱਕ ਵੀ ਮੰਗ ਵੱਲ ਧਿਆਨ ਨਹੀਂ ਦਿੱਤਾ।
ਮੰਚ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਜੇ ਜਲਦੀ ਸ਼ਹੀਦ ਸੰਬੰਧੀ ਮੰਗਾਂ ਨਹੀ ਮੰਨੀਆਂ ਤਾਂ ਮੰਚ ਸਰਕਾਰ ਵੱਲੋਂ ਸ਼ਹੀਦ ਨੂੰ ਅਣਗੌਲਿਆਂ ਕਰਨ ਵਾਲੇ ਮੁੱਦੇ ਨੂੰ ਮੰਚ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਵੇਗਾ।