ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਦੇ ਅਨੁਸਾਰ ਮਰਹੂਮ ਦੇ ਪਰਿਵਾਰ ਨੂੰ 10 ਲੱਖ ਦਾ ਮਿਲਿਆ ਮੁਆਵਜ਼ਾ
ਗ੍ਰਿਫ਼ਤਾਰ ਕਿਸਾਨ ਹੋਣਗੇ ਰਿਹਾਅ ਅਤੇ ਪਰਚੇ ਕੀਤੇ ਜਾਣਗੇ ਰੱਦ
ਐੱਸਐੱਚਓ ਲੌਂਗੋਵਾਲ ਦਾ ਮਾਲੇਰਕੋਟਲੇ ਤਬਾਦਲਾ ਅਤੇ ਵਿਭਾਗੀ ਜਾਂਚ ਕੀਤੀ ਜਾਵੇਗੀ
ਲੌਂਗੋਵਾਲ/ਸੰਗਰੂਰ, 24 ਅਗਸਤ, 2023: ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਸਹਿਮਤੀ ਤੋਂ ਬਾਅਦ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਦਾ ਕੱਲ੍ਹ ਉਨ੍ਹਾਂ ਦੇ ਪਿੰਡ ਮੰਡੇਰ ਕਲਾਂ ਵਿਖੇ ਸ਼ਾਮੀਂ 3 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੰਸਕਾਰ ਮੌਕੇ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਾਜ਼ਰ ਹੋਣਗੇ। ਲੌਂਗੋਵਾਲ ’ਚ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਮਾਮਲੇ ‘ਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਵਿਚਾਲੇ ਕੱਲ੍ਹ ਬਣੀ ਸਹਿਮਤੀ ਅਨੁਸਾਰ ਮਰਹੂਮ ਕਿਸਾਨ ਪ੍ਰੀਤਮ ਸਿੰੰਘ ਦੇ ਪਰਿਵਾਰ ਨੂੰ ਦੱਸ ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇਕ ਜੀਅ ਨੂੰ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਤੇ ਉਸ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਅਤੇ ਕਿਸਾਨ ਬਲਜਿੰਦਰ ਸਿੰਘ ਨੂੰ ਥਾਣੇ ਅੰਦਰ ਕੁੱਟਮਾਰ ਕਰਨ ਵਾਲੇ ਐੱਸਐੱਚਓ ਲੌਂਗੋਵਾਲ ਦਾ ਮਾਲੇਰਕੋਟਲੇ ਤਬਾਦਲਾ ਅਤੇ ਵਿਭਾਗੀ ਜਾਂਚ ਕੀਤੀ ਜਾਵੇਗੀ।
ਸ਼ਹੀਦ ਪ੍ਰੀਤਮ ਸਿੰਘ ਦਾ ਸੰਸਕਾਰ ਕੱਲ੍ਹ ਨੂੰ 3 ਵਜੇ ਉਨ੍ਹਾਂ ਦੇ ਪਿੰਡ ਮੰਡੇਰ ਕਲਾਂ ਵਿਖੇ ਕੀਤਾ ਜਾਵੇਗਾ। ਮੀਟਿੰਗ ਵਿੱਚ ਇਹ ਫ਼ੈਸਲਾ ਵੀ ਹੋਇਆ ਕਿ ਲੌਂਗੋਵਾਲ ਵਿੱਚ ਪੁਲੀਸ ਲਾਠੀਚਾਰਜ਼ ਦੌਰਾਨ ਗੰਭੀਰ ਜ਼ਖ਼ਮੀਆਂ ਨੂੰ ਦੋ-ਦੋ ਲੱਖ ਤੇ ਘੱਟ ਜ਼ਖ਼ਮੀਆਂ ਨੂੰ ਇੱਕ ਇੱਕ ਲੱਖ ਰੁਪਇਆ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੀਆਂ ਕਿਸਾਨ ਜਥੇਬੰਦੀਆਂ ਗੱਡੀਆਂ ਭੰਨ੍ਹੀਆਂ ਗਈਆਂ ਹਨ, ਉਨ੍ਹਾਂ ਦੀ ਸਰਕਾਰ ਮੁਰੰਮਤ ਕਰਵਾਏਗੀ। ਇਸ ਦੇ ਨਾਲ ਪੰਜਾਬ ਭਰ ’ਚ ਕਿਸਾਨਾਂ ’ਤੇ ਦਰਜ ਪਰਚੇ ਰੱਦ ਹੋਣਗੇ ਤੇ ਕਿਸਾਨਾਂ ਬਿਨ੍ਹਾਂ ਸ਼ਰਤ ਰਿਹਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਕਿ ਪੰਜਾਬ ਸਰਕਾਰ ਹੜ੍ਹਾਂ ਤੋ ਪੀੜਤ ਪਰਿਵਾਰਾਂ ਨੂੰ ਫੌਰੀ ਮੁਆਵਜ਼ੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰਕੇ ਮੁਆਵਜ਼ਾ ਰਾਸੀ ਵਧਾਉਣ ਅਤੇ ਬਾਸਮਤੀ ਫਸਲ ਤੇ ਐੱਮਐੱਸਪੀ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਸੰਘਰਸ਼ ਕਰਕੇ ਮੰਗਾਂ ਮਨਵਾਉਣ ਦਾ ਫੈਸਲਾ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਲੌਂਗੋਵਾਲ ਵਿੱਚ ਭਾਰੀ ਲਾਠੀਚਾਰਜ ਕਰਕੇ ਦਰਜਨਾਂ ਕਿਸਾਨਾਂ ਨੂੰ ਫੱਟੜ ਕੀਤਾ ਅਤੇ ਕਿਸਾਨ ਪ੍ਰੀਤਮ ਸਿੰਘ ਮੰਡੇਰ ਕਲਾਂ ਦੀ ਭਗਦੜ ਵਿੱਚ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲੌਂਗੋਵਾਲ ’ਚ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਦੌਰਾਨ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਵਲੋਂ ਥਾਣਾ ਲੌਂਗੋਵਾਲ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਦੌਰਾਨ ਲੌਂਗੋਵਾਲ ਪੁਲਿਸ ਨੇ ਵਾਪਰੇ ਘਟਨਾਕ੍ਰਮ ਨੂੰ ਲੈ ਕੇ 18 ਮਾਲੂਮ ਅਤੇ 30 ਤੋਂ 35 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਇਸ ਮੀਟਿੰਗ ਵਿੱਚ ਕਿਸਾਨ ਜੱਥੇਬੰਦੀਆਂ ਬੀਕੇਯੂ ਏਕਤਾ ਆਜ਼ਾਦ ਵੱਲੋਂ ਜਸਵਿੰਦਰ ਸਿੰਘ, ਦਿਲਬਾਗ ਸਿੰਘ ਹਰੀਗੜ੍ਹ ਤੇ ਮਨਜੀਤ ਸਿੰਘ ਨਿਆਲ , ਕਿਰਤੀ ਕਿਸਾਨ ਯੂਨੀਅਨ ਵੱਲੋਂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਕ੍ਰਾਂਤੀਕਾਰੀ ਵੱਲੋਂ ਸੁਰਜੀਤ ਸਿੰਘ ਫੂਲ ਤੇ ਜਰਨੈਲ ਸਿੰਘ ਕਾਲੇਕੇ, ਹਰਿਆਣਾ ਤੋਂ ਸੁਰੇਸ਼ ਕੌਥ ਤੇ ਤੇਜਬੀਰ ਸਿੰਘ ਸਾਮਲ ਸਨ। ਇਸੇ ਤਰ੍ਹਾਂ ਪ੍ਰਸ਼ਾਸਨ ਵੱਲੋਂ ਜਸਕਰਨ ਸਿੰਘ ਆਈ ਜੀ ਇੰਟੈਲੀਜੈਂਸ, ਮੁਖਵਿੰਦਰ ਸਿੰਘ ਛੀਨਾ ਆਈ ਜੀ ਪਟਿਆਲਾ, ਸੁਰੇਂਦਰ ਲਾਂਬਾ ਐੱਸ ਐੱਸ ਪੀ ਸੰਗਰੂਰ, ਨਰਿੰਦਰ ਭਾਰਗਵ ਡੀਆਈਜ ਬਾਰਡਰ ਰੇਂਜ ਅਤੇ ਪਲਵਿੰਦਰ ਸਿੰਘ ਚੀਮਾ ਐੱਸ ਪੀ ਸੰਗਰੂਰ ਸ਼ਾਮਲ ਸਨ।