ਕੁਰੜ ਪਿੰਡ ਦੀਆਂ ਗਲੀਆਂ ਵਿੱਚ ਗੂੰਜੇ ਇਨਕਲਾਬ -ਜਿੰਦਾਬਾਦ, ਸਾਮਰਾਜਵਾਦ ਦੇ ਨਾਹਰੇ
ਮਹਿਲਕਲਾਂ, 24 ਮਾਰਚ, 2024: ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਕੁਰੜ ਵੱਲੋਂ 23 ਮਾਰਚ ਦੇ ਸ਼ਹੀਦਾਂ ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਪਿੰਡ ਦੀ ਗਲੀ ਗਲੀ ਜੋਸ਼ ਭਰਪੂਰ ਇਨਕਲਾਬੀ ਮਸ਼ਾਲ ਮਾਰਚ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਇਨਕਲਾਬੀ ਕੇਂਦਰ ਪੰਜਾਬ ਦੇ ਨੌਜਵਾਨ ਆਗੂ ਹਰਪ੍ਰੀਤ, ਮਜੀਦ ਖਾਂ ਅਤੇ ਮਨਦੀਪ ਸਿੰਘ ਪ੍ਰਧਾਨ ਨੇ ਕਿਹਾ ਕਿ ਸ਼ਹੀਦਾਂ ਵੱਲੋਂ ਲਾਇਆ ‘ਇਨਕਲਾਬ-ਜਿੰਦਾਬਾਦ’ ਅਤੇ ‘ਸਾਮਰਾਜਵਾਦ-ਮੁਰਦਾਬਾਦ’ ਦਾ ਨਾਹਰਾ ਅੱਜ ਵੀ ਉਸ ਸਮੇਂ ਜਿੰਨੀ ਹੀ ਮਹੱਤਤਾ ਰੱਖਦਾ ਹੈ। ਸਾਮਰਾਜ ਅਤੇ ਭਾਰਤੀ ਦਲਾਲ ਹਾਕਮ ਜਮਾਤਾਂ, ਸੰਸਾਰ ਵਪਾਰ ਸੰਸਥਾ ਅਤੇ ਹੋਰ ਸਾਮਰਾਜੀ ਸੰਸਥਾਵਾਂ ਰਾਹੀਂ ਭਾਰਤ ਦੇ ਖੇਤੀ/ਪੇਂਡੂ ਖੇਤਰ ਨੂੰ ਸਾਮਰਾਜੀ ਬਹੁ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀਆਂ ਹਨ। ਇਸੇ ਹੀ ਤਰ੍ਹਾਂ ਕਿਰਤੀਆਂ ਵੱਲੋਂ ਹਾਸਲ ਕੀਤੇ ਵੱਡੇ ਸੰਘਰਸ਼ਾਂ ਦੀ ਬਦੌਲਤ ਕਿਰਤ ਕਾਨੂੰਨਾਂ ਦਾ ਭੋਗ ਪਾਕੇ ਚਾਰ ਕਿਰਤ ਕੋਡਾਂ ਵਿੱਚ ਤਬਦੀਲ ਕਰਕੇ ਕਿਰਤ ਦੀ ਰੱਤ ਨਿਚੋੜੀ ਜਾ ਰਹੀ ਹੈ। ਅਮੀਰ-ਗਰੀਬ ਦੇ ਪਾੜੇ ਦੀ ਖਾਈ ਹੋਰ ਡੂੰਘੀ ਹੁੰਦੀ ਜਾ ਰਹੀ ਹੈ। 1% ਅਮੀਰਾਂ ਕੋਲ ਮੁਲਕ ਦੀ 40% ਧਨ ਦੌਲਤ ਇਕੱਠੀ ਹੋ ਗਈ ਹੈ। ਮੋਦੀ ਹਕੂਮਤ ਨੇ ਫ਼ਿਰਕੂ ਫਾਸ਼ੀ ਹੱਲਾ ਤੇਜ਼ ਕੀਤਾ ਹੋਇਆ ਹੈ। ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੀ ਨੀਤੀ ਰਾਹੀਂ ਨੌਜਵਾਨਾਂ ਕੋਲੋਂ ਪੜ੍ਹਾਈ ਦਾ ਹੱਕ ਅਤੇ ਰੁਜ਼ਗਾਰ ਦੇ ਵਸੀਲੇ ਖ਼ਤਮ ਕੀਤੇ ਜਾ ਰਹੇ ਹਨ।ਇਸ ਲਈ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਆਪਣੇ ਘੋਲ ਲੁਟੇਰੀਆਂ ਸਾਮਰਾਜੀ ਸੰਸਥਾਵਾਂ ਖ਼ਿਲਾਫ਼ ਸੇਧਤ ਕਰਨ ਦੀ ਲੋੜ ਹੈ। ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰ ਭਾਰਤ ਦੀ ਕਿਰਤੀ ਜਮਾਤ ਵਾਸਤੇ ਚਾਨਣ ਮੁਨਾਰਾ ਹਨ। ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਰਧਾਰਾ ਨੂੰ ਪੜ੍ਹਨ,ਚੇਤੰਨ ਮਨਾਂ ਦਾ ਹਿੱਸਾ ਬਨਾਉਣ ਅਤੇ ਸਭ ਤੋਂ ਵਧੇਰੇ ਚਿੰਤਨ ਕਰਨ ਦੀ ਲੋੜ ਹੈ।
ਮਸ਼ਾਲ ਮਾਰਚ ਦੇ ਵੱਖ-ਵੱਖ ਪੜਾਵਾਂ ਸਮੇਂ ਸੰਬੋਧਨ ਕਰਦਿਆਂ ਜਗਮੀਤ ਬੱਲਮਗੜ੍ਹ, ਮਨਦੀਪ ਸਿੰਘ ਕੁਰੜ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਮਕਸਦ ਉਨ੍ਹਾਂ ਦੀ ਵਿਗਿਆਨਕ ਵਿਚਾਰਧਾਰਾ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣਾ ਹੈ।
ਇਸ ਮਸ਼ਾਲ ਮਾਰਚ ਨੂੰ ਸਫ਼ਲ ਬਣਾਉਣ ਵਿੱਚ ਭਾਕਿਯੂ ਏਕਤਾ ਡਕੌਂਦਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਸਮੇਂ ਜਸਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਰਣਬੀਰ ਸਿੰਘ, ਅਰਜਨ ਸਿੰਘ, ਬਲਬੀਰ ਸਿੰਘ, ਜਗਸੀਰ ਸਿੰਘ ਬੀਕੇਯੂ ਏਕਤਾ (ਡਕੌਂਦਾ) ਧਨੇਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲੱਬ ਆਗੂ ਵੀ ਹਾਜ਼ਰ ਸਨ।