ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਕੀਤਾ ਤਿੱਖਾ ਹਮਲਾ

0
127

ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਕੀਤਾ ਤਿੱਖਾ ਹਮਲਾ

ਕਿਹਾ- ਭਾਜਪਾ ਵਾਲੇ ਤਾਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਆਪਣੇ ਆਗੂ ਮੰਗਲ ਸਿੰਘ ਦੇ ਨਾਂ ’ਤੇ ਰੱਖਣਾ ਚਾਹੁੰਦੇ ਸਨ, ਮਾਨ ਸਰਕਾਰ ਨੇ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਭਾਜਪਾ ਇਸ ਨੂੰ ਬੇਲੋੜਾ ਮੁੱਦਾ ਬਣਾ ਰਹੀ ਹੈ, ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਬੁੱਤ ਦਾ ਉਦਘਾਟਨ ਕਰਨਗੇ – ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ, 1 ਦਸੰਬਰ 2024

ਚੰਡੀਗੜ੍ਹ ਏਅਰਪੋਰਟ ‘ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਵਾਲੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਆਪਣੇ ਹਰਿਆਣਾ ਦੇ ਆਗੂ ਮੰਗਲ ਸਿੰਘ ਦੇ ਨਾਂ ’ਤੇ ਰੱਖਣਾ ਚਾਹੁੰਦੇ ਸਨ ਪਰ ਮਾਨ ਸਰਕਾਰ ਦੇ ਯਤਨਾਂ ਸਦਕਾ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ।

ਭਾਜਪਾ ਆਗੂਆਂ ‘ਤੇ ਸਵਾਲ ਕਰਦਿਆਂ ਕੰਗ ਨੇ ਕਿਹਾ ਕਿ ਭਾਜਪਾ ਵਾਲੇ ਇੰਨੇ ਦਿਨਾਂ ਬਾਅਦ ਭਗਤ ਸਿੰਘ ਦੇ ਬੁੱਤ ਦਾ ਮੁੱਦਾ ਉਠਾ ਰਹੇ ਹਨ, ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਉਹ 10 ਸਾਲ ਅਕਾਲੀ ਦਲ ਨਾਲ ਸੱਤਾ ‘ਚ ਰਹੇ ਤਾਂ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ਤੇ ਰਖਣ ਦਾ ਵਿਰੋਧ ਕਿਉਂ ਕਰ ਰਹੇ ਸੀ?

ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਉਥੇ ਉਨ੍ਹਾਂ ਦਾ ਬੁੱਤ ਵੀ ਲਗਾਇਆ। ਮੁੱਖ ਮੰਤਰੀ ਬਹੁਤ ਜਲਦੀ ਇਸ ਬੁੱਤ ਦਾ ਉਦਘਾਟਨ ਵੀ ਕਰਨ ਜਾ ਰਹੇ ਹਨ। ਭਾਜਪਾ ਇਸ ਨੂੰ ਬੇਲੋੜਾ ਮੁੱਦਾ ਬਣਾ ਰਹੀ ਹੈ। ਸ਼ਹੀਦਾਂ ਦੇ ਨਾਂ ‘ਤੇ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਸਹੀ ਨਹੀਂ ਹੈ।

ਕੰਗ ਨੇ ਆਰਐਸਐਸ ਵੱਲੋਂ ਭਗਤ ਸਿੰਘ ਦੇ ਪ੍ਰਤੀ ਇਤਿਹਾਸਕ ਵਿਰੋਧ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅੱਜ ਭਾਜਪਾ ਨੂੰ ਭਗਤ ਸਿੰਘ ਦੀ ਚਿੰਤਾ ਹੋ ਰਹੀ ਹੈ ਜਦੋਂਕਿ ਸੱਚਾਈ ਇਹ ਹੈ ਕਿ ਇਨ੍ਹਾਂ ਲੋਕਾਂ ਨੇ ਉਨ੍ਹਾਂ ਖ਼ਿਲਾਫ਼ ਗਵਾਹੀ ਦਿੱਤੀ ਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਭਾਜਪਾ ਵਾਲੇ ਕਿਸ ਮੂੰਹ ਨਾਲ ਭਗਤ ਸਿੰਘ ਦਾ ਨਾਮ ਲੈ ਰਹੇ ਹਨ! ਅਸਲ ਵਿੱਚ ਇਹ ਲੋਕ ਸ਼ੁਰੂ ਤੋਂ ਹੀ ਭਗਤ ਸਿੰਘ ਦੇ ਨਾਂ ਨਾਲ ਨਫ਼ਰਤ ਕਰਦੇ ਆ ਰਹੇ ਹਨ।

ਕੰਗ ਨੇ ਕਿਹਾ ਕਿ ਭਾਜਪਾ ਭਗਤ ਸਿੰਘ ਦਾ ਨਾਂ ਲੈ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ਦੇ ਲੋਕ ਭਾਜਪਾ ਦੇ ਪੰਜਾਬ ਵਿਰੋਧੀ ਚਿਹਰੇ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ। ਇਸ ਤਰ੍ਹਾਂ ਦੇ ਡਰਾਮੇ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਭਾਜਪਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਹੁਣ ਲੋਕ ਭਾਜਪਾ ‘ਤੇ ਕਦੇ ਭਰੋਸਾ ਨਹੀਂ ਕਰਨਗੇ।

LEAVE A REPLY

Please enter your comment!
Please enter your name here