ਸ਼ਹੀਦ ਹਰਸਿਮਰਨ ਸਿੰਘ ਨੂੰ ਸਸਕਾਰ ਮੌਕੇ ਸੈਂਕੜੇ ਨਮ ਅੱਖਾਂ ਵੱਲੋਂ ਅੰਤਿਮ ਵਿਦਾਇਗੀ

0
108

ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਹੋਰ ਸ਼ਖ਼ਸੀਅਤਾਂ ਵੱਲੋਂ ਰੀਥ ਰੱਖ ਕੇ ਸ਼ਰਧਾਂਜਲੀਆਂ ਭੇਟ

ਸੰਗਰੂਰ,
ਜੰਮੂ ਦੇ ਰਾਜੌਰੀ ਖੇਤਰ ਵਿੱਚ ਸ਼ਹੀਦ ਹੋਏ ਪਿੰਡ ਭਸੌੜ ਦੇ 25 ਸਾਲਾ ਸਿਪਾਹੀ ਹਰਸਿਮਰਨ ਸਿੰਘ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸਸਕਾਰ ਮੌਕੇ ਸੈਂਕੜੇ ਨਮ ਅੱਖਾਂ ਵੱਲੋਂ ਆਖਰੀ ਵਿਦਾਇਗੀ ਦਿੱਤੀ ਗਈ। ਸ਼ਹੀਦ ਹਰਸਿਮਰਨ ਸਿੰਘ ਨੂੰ ਪੰਜਾਬ ਪੁਲਿਸ ਦੀ ਇੱਕ ਟੁਕੜੀ ਵੱਲੋਂ ਹਥਿਆਰਬੰਦ ਸਲਾਮੀ ਦਿੱਤੀ ਗਈ। ਸਸਕਾਰ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਪੁੱਜੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਿਪਾਹੀ ਹਰਸਿਮਰਨ ਸਿੰਘ ਦੀ ਮ੍ਰਿਤਕ ਦੇਹ ‘ਤੇ ਰੀਥ ਰੱਖ ਕੇ ਉਸਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਪ੍ਰੋਫੈਸਰ ਓਂਕਾਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ ਵੱਲੋਂ ਵੀ ਰੀਥ ਰੱਖ ਕੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ।

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿਪਾਹੀ ਹਰਸਿਮਰਨ ਸਿੰਘ ਵੱਲੋਂ ਦੇਸ਼ ਦੀ ਰਾਖੀ ਅਤੇ ਸੇਵਾ ਵਿੱਚ ਆਪਣੀ ਜਾਨ ਵਾਰੀ ਗਈ ਹੈ ਇਸ ਲਈ ਉਹ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦਾ ਸ਼ਹੀਦ ਹੈ। ਉਨ੍ਹਾਂ ਕਿਹਾ ਕਿ ਸਿਪਾਹੀ ਹਰਸਿਮਰਨ ਸਿੰਘ ਦੀ ਸ਼ਹਾਦਤ ਨਾਲ ਪਰਿਵਾਰ ਨੂੰ ਪੈਣ ਵਾਲਾ ਘਾਟਾ ਤਾਂ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੀ ਪਾਲਿਸੀ ਅਨੁਸਾਰ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ. ਯੋਗੇਸ਼ ਸ਼ਰਮਾ, ਡੀ.ਐਸ.ਪੀ. ਗੁਰਮੁੱਖ ਸਿੰਘ, ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਤਹਿਸੀਲਦਾਰ ਮਨਜੀਤ ਸਿੰਘ ਰਾਜਲਾ, ਡਾ. ਅਨਵਰ ਭਸੌੜ ਅਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here