ਕੀ ਆਪਣੇ ਆਪ ਨੂੰ ਜਥੇਦਾਰ ਮੰਨਣ ਵਾਲਾ ਵਿਅਕਤੀ ਅਰਦਾਸ ਅਤੇ ਸੰਦੇਸ਼ ਵਿੱਚ ਫ਼ਰਕ ਵੀ ਨਹੀਂ ਜਾਣਦਾ?
ਪੰਥਕ ਸੰਪਰਦਾਵਾਂ ਤੇ ਜਥੇਬੰਦੀਆਂ ਦੀ ਏਕਤਾ ਨੇ ਬਾਦਲਾਂ ਨੂੰ “ਸਾਡੀ ਹੀ ਮਰਜ਼ੀ ਚੱਲੂ” ਦੀ ਧਾਰਨਾ ‘ਤੇ ਗ਼ੌਰ ਕਰਨ ਦਾ ਸੰਦੇਸ਼ ਦਿੱਤਾ ਹੈ।
ਅੰਮ੍ਰਿਤਸਰ, 7 ਜੂਨ () ਸਿੱਖ ਚਿੰਤਕ ਅਤੇ ਭਾਜਪਾ ਦੇ ਸਿੱਖ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਭਾਵੇਂ ਜੂਨ 84 ਦੇ ਘੱਲੂਘਾਰਾ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਸ਼ਹੀਦੀ ਸਮਾਗਮ ਸ਼ਾਂਤੀਪੂਰਨ ਢੰਗ ਨਾਲ ਪੂਰਾ ਹੋਇਆ ਸੀ, ਪਰ ਇਸ ਨੇ ਪੰਥ ਦੇ ਵਿਹੜੇ ਵਿੱਚ ਵੱਡੇ ਸਵਾਲ ਵੀ ਛੱਡ ਦਿੱਤੇ ਹਨ। ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਰੱਦ ਕੀਤੇ ਗਏ ਭਾਈ ਕੁਲਦੀਪ ਸਿੰਘ ਗੜਗੱਜ ਦੇ ਇਸ ਚਲਾਕ ਦਾਅਵੇ ਕਿ ਗੁਰੂ ਜੀ ਨੇ ਸਾਨੂੰ ਸਮੇਂ ਦੀ ਨਾਜ਼ੁਕਤਾ ਨੂੰ ਸਮਝਣ ਦੀ ਬੁੱਧੀ ਦਿੱਤੀ ਹੈ ਤੇ ਮੈਂ ਅਰਦਾਸ ਰਾਹੀਂ ਕੌਮ ਨੂੰ ਸੰਦੇਸ਼ ਦਿੱਤਾ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਨਾ ਤਾਂ ਸਾਨੂੰ ਚਲਾਕ ਬਣਨਾ ਸਿਖਾਇਆ ਹੈ ਅਤੇ ਨਾ ਹੀ ਅਰਦਾਸ ਨੂੰ ਸੰਦੇਸ਼ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਜੋ ਵਿਅਕਤੀ ਆਪਣੇ ਆਪ ਨੂੰ ਜਥੇਦਾਰ ਸਮਝਦਾ ਹੈ, ਉਸ ਨੂੰ ਅਰਦਾਸ ਅਤੇ ਸੰਦੇਸ਼ ਵਿੱਚ ਫ਼ਰਕ ਦਾ ਵੀ ਨਹੀਂ ਪਤਾ। ਉਨ੍ਹਾਂ ਕਿਹਾ ਕਿ ਅਰਦਾਸ ਸਤਿਗੁਰੂ ਦੇ ਚਰਨਾਂ ਵਿੱਚ ਕੀਤੀ ਗਈ ਇੱਕ ਨਿਮਰ ਬੇਨਤੀ ਤੇ ਅਰਜੋਈ ਹੈ। ਇਸ ਦੇ ਨਾਲ ਹੀ,ਸੰਦੇਸ਼ ਕੌਮ ਨੂੰ ਸੰਬੋਧਨ ਕਰਕੇ ਭਵਿੱਖ ਦੀਆਂ ਯੋਜਨਾਵਾਂ ਪ੍ਰਤੀ ਦਿੱਤਾ ਗਿਆ ਇੱਕ ਦਿਸ਼ਾ ਨਿਰਦੇਸ਼ ਹੈ। ਜੇਕਰ ਭਾਈ ਗੜਗੱਜ ਦੇ ਦਾਅਵਿਆਂ ਨੂੰ ਸੱਚ ਮੰਨਿਆ ਜਾਵੇ, ਤਾਂ ਇਹ ਕਿਉਂ ਨਾ ਮੰਨਿਆ ਜਾਵੇ ਕਿ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਦਿਸ਼ਾ ਦੇਣ ਦੀ ਹਮਾਕਤ ਕੀਤੀ ਹੈ? ਪਿਛਲੇ ਸਮੇਂ ਵਿੱਚ ਹੋਏ ਸ਼ਹੀਦੀ ਸਮਾਗਮਾਂ ਵਿੱਚ ਕੀਤੀ ਗਈ ਅਰਦਾਸ ਦੀ ਤਰਜ਼ ’ਤੇ ਇਸ ਵਾਰ ਅਰਦਾਸ ਵਿੱਚ ਕਿਹੜੀ ਨਵੀਂ ਗੱਲ ਕਹੀ ਗਈ? ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸ਼ਹੀਦੀ ਸਮਾਗਮ ਦੀ ਸਮਾਪਤੀ ਤੋਂ ਤੁਰੰਤ ਬਾਅਦ, ਤਖ਼ਤ ਸਾਹਿਬ ’ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸ਼ਖ਼ਸ ਨੂੰ ਸਿਰੋਪਾਓ ਦੇ ਦਿੱਤਾ ਗਿਆ। ਜਦੋਂ ਕਿ ਰਵਾਇਤ ਅਨੁਸਾਰ, ਤਨਖ਼ਾਹੀਆ ਲਈ ਤਨਖ਼ਾਹ ਲਵਾ ਕੇ ਤਨਖ਼ਾਹ ਪੂਰੀ ਕਰਕੇ ਤਨਖ਼ਾਹ ਤੋਂ ਮੁਕਤ ਨਹੀਂ ਹੋ ਜਾਂਦਾ ਕਿਸੇ ਵੀ ਤਖ਼ਤ ਸਾਹਿਬ ’ਤੇ ਉਸ ਲਈ ਅਰਦਾਸ ਤਕ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਨੂੰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਹੋਇਆ ਜਾ ਸਕਦਾ ਕਿ ਜਥੇਦਾਰਾਂ ਦੀ ਨਿਯੁਕਤੀ ਦਾ ਕਾਰਜ ਵਿਹਾਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਿੱਖ ਸੰਪਰਦਾਵਾਂ ਤੇ ਜਥੇਬੰਦੀਆਂ ਦੀ ਪ੍ਰਵਾਨਗੀ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ। ਕੀ ਪੰਥ ਦਾ ਸਰੂਪ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਸੰਗਠਨਾਂ ਅਤੇ ਸਿੱਖ ਸਭਾ ਸੁਸਾਇਟੀਆਂ ਦੀ ਸ਼ਮੂਲੀਅਤ ਤੋਂ ਬਿਨਾਂ ਸੰਭਵ ਹੈ? ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਤਖ਼ਤ ਸਾਹਿਬਾਨ ਦੀ ਵਰਤੋਂ ਇੱਕ ਖ਼ਾਸ ਵਿਅਕਤੀ ਸੁਖਬੀਰ ਸਿੰਘ ਬਾਦਲ ਦੀ ਰਾਜਨੀਤੀ ਨੂੰ ਜ਼ਿੰਦਾ ਰੱਖਣ ਲਈ ਕੀਤੀ ਹੈ। ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦਾ ਕੌਮੀ ਰੁਤਬਾ ਹੈ, ਉਨ੍ਹਾਂ ਦੇ ਅਹੁਦਿਆਂ ‘ਤੇ ਉਨ੍ਹਾਂ ਦੀ ਨਿਯੁਕਤੀ ਨੂੰ ਯਕੀਨੀ ਬਣਾਉਣ ਲਈ ਇੱਕ ਵਿਧੀ ਵਿਧਾਨ ਹੈ, ਪਰ ਮੌਜੂਦਾ ਸਮੇਂ ਵਿੱਚ ਜਥੇਦਾਰਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੇ ਮਹਿਜ਼ ਕਰਮਚਾਰੀਆਂ ਦੀ ਤਰਜ਼ ‘ਤੇ ਕਰਦਿਆਂ ਸਿੱਖ ਪਰੰਪਰਾ, ਮਰਿਆਦਾ ਅਤੇ ਕੌਮੀ ਰੁਤਬੇ ਨਾਲ ਖਿਲਵਾੜ ਕੀਤਾ ਗਿਆ ਹੈ। ਜਿਸ ਦੇ ਜਵਾਬ ਵਿੱਚ, ਕੱਲ੍ਹ, ਦਮਦਮੀ ਟਕਸਾਲ, ਸੰਤ ਸਮਾਜ ਅਤੇ ਦਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਸਾਰੀਆਂ ਸਿੱਖ ਸੰਪਰਦਾਵਾਂ ਅਤੇ ਸੰਸਥਾਵਾਂ ਨੇ ਬਾਦਲ ਦਲ ਵੱਲੋਂ ਦਿੱਤੀ ਗਈ ਇਸ ਚੁਨੌਤੀ ਦਾ ਏਕਤਾ ਨਾਲ ਜਵਾਬ ਦਿੱਤਾ ਅਤੇ ਬਾਦਲਾਂ ਨੂੰ ਸੁਨੇਹਾ ਦਿੱਤਾ ਕਿ ਉਨ੍ਹਾਂ ਦੀ ਪੰਥਕ ਮਾਮਲਿਆਂ ’ਚ “ਸਾਡੀ ਹੀ ਮਰਜ਼ੀ ਚੱਲੂ” ਦੀ ਧਾਰਨਾ ਹੁਣ ਕੰਮ ਨਹੀਂ ਕਰੇਗਾ। ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਹੁਣ ਪੰਥ ਦੀਆਂ ਸੰਪਰਦਾਵਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਜੂਨ 84 ਵਰਗੇ ਮਹਾਨ ਸ਼ਹੀਦੀ ਸਮਾਗਮਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਅਤੇ ਸੀਨੀਅਰ ਲੀਡਰਸ਼ਿਪ ਦੀ ਗ਼ੈਰਹਾਜ਼ਰੀ ‘ਤੇ ਵੀ ਸਵਾਲ ਉਠਾਇਆ ਅਤੇ ਕਿਹਾ ਕਿ ਕੀ ਇਸ ਮਹੱਤਵਪੂਰਨ ਦਿਨ ਦੀ ਅਕਾਲੀ ਲੀਡਰਸ਼ਿਪ ਲਈ ਕੋਈ ਮਹੱਤਤਾ ਨਹੀਂ ਹੈ? ਕੀ ਸ਼ਹੀਦਾਂ ਦੇ ਨਾਮ ‘ਤੇ ਸਿਆਸੀ ਰੋਟੀਆਂ ਸੇਕਣਾ ਹੀ ਉਨ੍ਹਾਂ ਦਾ ਇੱਕੋ ਇੱਕ ਏਜੰਡਾ ਬਣ ਗਿਆ ਹੈ?