ਸ਼੍ਰੋਮਣੀ ਅਕਾਲੀ ਦਲ ਦੀ 1 ਫਰਵਰੀ ਨੂੰ ਅਟਾਰੀ ਤੋਂ ਸ਼ੁਰੂ ਹੋਣ ਵਾਲੀ ਪੰਜਾਬ ਬਚਾਓ ਯਾਤਰਾ ਨੂੰ ਹਰ ਵਰਗ ਦਾ ਮਿਲੇਗਾ ਭਾਰੀ ਸਮਰਥਨ-ਗਰਚਾ

0
151
ਪਹਿਲੇ ਚਰਨ ਵਿੱਚ ਯਾਤਰਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ 43 ਵਿਧਾਨਸਭਾ ਹਲਕਿਆਂ ਵਿੱਚ ਜਾਵੇਗੀ
ਲੁਧਿਆਣਾ, 28 ਜਨਵਰੀ -ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਜੋਕਿ 1 ਫਰਵਰੀ ਤੋਂ ਅਟਾਰੀ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਸੁਰੂ ਹੋਣ ਜਾ ਰਹੀ ਹੈ ਨੂੰ ਪੰਜਾਬ ਦੀ ਜਨਤਾ ਦਾ ਭਰਵਾਂ ਹੁੰਗਾਰਾ ਮਿਲੇਗਾ ਅਤੇ ਇਹ ਯਾਤਰਾ ਇੱਕ ਮਹੀਨੇ ਵਿੱਚ 43 ਹਲਕਿਆਂ ਵਿਚ ਜਾਵੇਗੀ। ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੇ ਨਾਲ ਮਿਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਯਾਤਰਾ ਸ਼ੁਰੂਆਤ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਯਾਤਰਾ ਦੌਰਾਨ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੂੰ ਬੇਨਕਾਬ ਕੀਤਾ ਜਾਵੇਗਾ ਤੇ ਦੱਸਿਆ ਜਾਵੇਗਾ ਕਿ ਕਿਵੇਂ ਸਮੇਂ ਦੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਸੂਬੇ ਦਾ ਵਿਕਾਸ ਕਰਵਾਇਆ। ਉਹਨਾਂ ਕਿਹਾ ਕਿ ਪਿੱਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਕੀਤੇ ਸਾਰੇ ਵਾਅਦੇ ਵਿਸਾਰ ਕੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ ਅਤੇ ਨਾ ਤਾਂ ਕੋਈ ਵੀ ਵਿਕਾਸ ਕਾਰਜ ਕੀਤਾ, ਨਾ ਰੋਜਗਾਰ ਦਿੱਤਾ ਅਤੇ ਨਾ ਹੀ ਕਿਸਾਨਾਂ, ਵਪਾਰੀਆਂ ਤੇ ਸਮਾਜ ਦੇ ਕਮਜੋਰ ਵਰਗਾਂ ਦੀ ਦਸ਼ਾ ਸੁਧਾਰਨ ਵਾਸਤੇ ਕੁਝ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਹਰ ਹਲਕੇ ਵਿੱਚ ਜਾਵਾਂਗੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਇਕ ਦਿਨ ਵਿੱਚ ਦੋ ਹਲਕੇ ਕਵਰ ਕਰਨਗੇ। ਸ਼੍ਰੋਮਣੀ ਅਕਾਲੀ ਦਲ ਲੋਕਾਂ ਨੂੰ ਦੱਸੇਗਾ ਕਿ ਕਾਂਗਰਸ ਤੇ ਆਪ ਸਰਕਾਰ ਨੇ ਕੀ ਕੀਤਾ ਹੈ ਤੇ ਲੋਕਾਂ ਨੂੰ ਉਹਨਾਂ ਦੀ ਕਾਰਗੁਜਾਰੀ ਦੀ ਤੁਲਨ ਅਕਾਲੀ ਦਲ ਦੀਆਂ ਸਰਕਾਰਾਂ ਦੀ ਕਾਰਗੁਜਾਰੀ ਨਾਲ ਤੁਲਨਾ ਕਰਨ ਵਾਸਤੇ ਕਹੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਬਾਦਲ ਹਰ ਹਲਕੇ ਵਿੱਚ ਇੱਕ ਨਿਸਚਿਤ ਥਾਂ ‘ਤੇ ਲੋਕਾਂ ਨਾਲ ਮੁਲਾਕਾਤ ਕਰਨਗੇ ਤੇ ਗੱਲਬਾਤ ਕਰਨਗੇ। ਉਹਨਾਂ ਕਿਹਾ ਕਿ ਪਾਰਟੀ ਨੂੰ ਮਿਲੀ ਫੀਡਬੈਕ ਦੇ ਮੁਤਾਬਕ ਸਮਾਜ ਦਾ ਹਰ ਵਰਗ ਪੀੜਤ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਾਰ-ਵਾਰ ਫਸਲ ਖਰਾਬ ਹੋਣ ਮਗਰੋਂ ਵੀ ਮੁਆਵਜਾ ਨਹੀਂ ਮਿਲਿਆ। ਗਰੀਬ ਵਰਗਾਂ ਲਈ ਸਮਾਜ ਭਲਾਈ ਸਕੀਮਾਂ ਵਿੱਚ ਕਟੌਤੀ ਕੀਤੀ ਗਈ ਹੈ। ਸਰਕਾਰੀ ਨੌਕਰੀਆਂ ਵਿੱਚ ਪੰਜਾਬੀਆਂ ਦੀ ਥਾਂ ਬਾਹਰਲੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਗਰਚਾ ਨੇ ਕਿਹਾ ਕਿ ਯਾਤਰਾ ਇਹ ਵੀ ਦੱਸੇਗੀ ਕਿ ਪੰਜਾਬ ਵਿੱਚ ਕਿਵੇਂ ਕਾਨੂੰਨ ਵਿਵਸਥਾ ਢਹਿ ਢੇਰੀ ਹੋਈ ਹੈ ਤੇ ਗੈਂਗਸਟਰ ਸੱਭਿਆਚਾਰ ਪਲਿਆ ਹੈ ਜਿਸ ਕਾਰਨ ਘਰੇਲੂ ਨਿਵੇਸਕ ਵੀ ਪੰਜਾਬ ਤੋਂ ਬਾਹਰ ਜਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਆਪ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਵੱਡੇ ਪੱਧਰ ‘ਤੇ ਗੈਰ ਕਾਨੂੰਨੀ ਮਾਇਨਿੰਗ ਦਾ ਮੁੱਦਾ ਵੀ ਚੁੱਕਾਂਗੇ ਅਤੇ ਆਪ ਵਿਧਾਇਕਾਂ ਵੱਲੋਂ ਨਸ਼ਾ ਤਸਕਰਾਂ ਦੀ ਕੀਤੀ ਜਾ ਰਹੀ ਪੁਸ਼ਤ-ਪਨਾਹੀ ਬਾਰੇ ਵੀ ਦੱਸਾਂਗੇ। ਅਕਾਲੀ ਦਲ ਦੇ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਤੋਂ ਇਲਾਵਾ ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਸੂਬੇ ਦੀ ਰਾਜਧਾਨੀ ਸਮੇਤ ਆਪ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੁੱਦਿਆਂ ‘ਤੇ ਮੁਕੰਮਲ ਆਤਮ ਸਮਰਪਣ ਕਰਨ ਦਾ ਮੁੱਦਾ ਵੀ ਯਾਤਰਾ ਦੌਰਾਨ ਚੁੱਕਿਆ ਜਾਵੇਗਾ। ਇਹ ਯਾਤਰਾ 1 ਫਰਵਰੀ ਨੂੰ ਅਟਾਰੀ ਤੇ ਰਾਜਾਸਾਂਸੀ, 2 ਨੂੰ ਅਜਨਾਲਾ ਤੇ ਮਜੀਠਾ, 5 ਨੂੰ ਅੰਮ੍ਰਿਤਸਰ ਸ਼ਹਿਰ ਦੇ ਪੰਜ ਹਲਕਿਆਂ, 6 ਨੂੰ ਜੰਡਿਆਲਾ ਗੁਰੂ ਤੇ ਬਾਬਾ ਬਕਾਲਾ, 7 ਫਰਵਰੀ ਨੂੰ ਖਡੂਰ ਸਾਹਿਬ ਤੇ ਤਰਨਤਾਰਨ, 8 ਨੂੰ ਪੱਟੀ ਅਤੇ ਖੇਮਕਰਨ, 9 ਨੂੰ ਜੀਰਾ ਅਤੇ ਫਿਰੋਜਪੁਰ ਸ਼ਹਿਰ, 12 ਨੂੰ ਫਿਰੋਜਪੁਰ ਦਿਹਾਤੀ ਤੇ ਫਰੀਦਕੋਟ, 13 ਫਰਵਰੀ ਨੂੰ ਕੋਟਕਪੁਰਾ ਅਤੇ ਜੈਤੋਂ, 14 ਨੂੰ ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਾਹਿਬ, 15 ਨੂੰ ਗੁਰੂ ਹਰਿਸਹਾਏ ਤੇ ਜਲਾਲਾਬਾਦ, 16 ਨੂੰ ਫਾਜਲਿਕਾ ਅਤੇ ਅਬੋਹਰ, 19 ਨੂੰ ਬੱਲੂਆਣਾ ਤੇ ਮਲੌਟ, 20 ਨੂੰ ਲੰਬੀ ਤੇ ਬਠਿੰਡਾ ਦਿਹਾਤੀ, 21 ਨੂੰ ਭੁੱਚੋ ਮੰਡੀ ਤੇ ਬਠਿੰਡਾ ਸਹਿਰੀ, 22 ਨੂੰ ਬਾਘਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ, 23 ਨੂੰ ਧਰਮਕੋਟ ਅਤੇ ਮੋਗਾ, 26 ਨੂੰ ਰਾਮਪੁਰਾ ਅਤੇ ਮੌੜ ਮੰਡੀ, 27 ਨੂੰ ਬੁਢਲਾਡਾ ਅਤੇ ਮਾਨਸਾ ਅਤੇ 28 ਫਰਵਰੀ ਸਰਦੂਲਗੜ੍ਹ ਤੇ ਤਲਵੰਡੀ ਸਾਬੋ ਹਲਕਿਆਂ ਵਿੱਚ ਜਾਵੇਗੀ।

LEAVE A REPLY

Please enter your comment!
Please enter your name here