ਸਾਂਝੇ ਅਧਿਆਪਕ ਮੋਰਚੇ ਵੱਲੋਂ 8 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਵਿੱਚ ਸੂਬਾਈ ਰੋਸ ਰੈਲੀ ਦਾ ਐਲਾਨ

0
358

* ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਦੇ ਮਸਲੇ ਹੱਲ ਕਰਨ ਤੋਂ ਮੁਨਕਰ ਹੋਣ ਖਿਲਾਫ਼ ਪ੍ਰਗਟਾਇਆ ਸਖ਼ਤ ਰੋਸ
ਜਲੰਧਰ, (ਦਲਜੀਤ ਕੌਰ ਭਵਾਨੀਗੜ੍ਹ) -ਸਾਂਝੇ ਅਧਿਆਪਕ ਮੋਰਚੇ ਵੱਲੋਂ 8 ਦਸੰਬਰ ਨੂੰ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਚੋਣ ਹਲਕੇ ਜਲੰਧਰ ਵਿਖੇ ਐਲਾਨੀ ਸੂਬਾਈ ਰੈਲੀ ਅਤੇ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਵਿਸ਼ਾਲ ਰੋਸ ਮੁਜ਼ਾਹਰੇ ਦੀ ਰੂਪ ਰੇਖਾ ਉਲੀਕਣ ਸਬੰਧੀ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ 2 ਅਤੇ 3 ਦਸੰਬਰ ਨੂੰ ਸਾਂਝੇ ਅਧਿਆਪਕ ਮੋਰਚੇ ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਵਿਆਪਕ ਤਿਆਰੀਆਂ ਆਰੰਭਣ ਦਾ ਫ਼ੈਸਲਾ ਕੀਤਾ ਗਿਆ। ਸਿੱਖਿਆ ਮੰਤਰੀ ਵੱਲੋਂ ਜਲੰਧਰ ਪ੍ਰਸ਼ਾਸਨ ਰਾਹੀ ਮੋਰਚੇ ਨੂੰ ਚੰਡੀਗੜ੍ਹ ਵਿਖੇ ਸੱਦਾ ਦੇ ਕੇ, ਮੀਟਿੰਗ ਕਰਨ ਤੋਂ ਭੱਜਣ ਦੀ ਸਖ਼ਤ ਨਿਖੇਧੀ ਕੀਤੀ ਅਤੇ ਸਿੱਖਿਆ ਮੰਤਰੀ ਉੱਪਰ ਅਧਿਆਪਕ ਮਸਲਿਆਂ ਦਾ ਵਾਜਬ ਹੱਲ ਕੱਢਣ ਵਿੱਚ ਨਾਕਾਮ ਰਹਿਣ ਦਾ ਦੋਸ਼ ਵੀ ਲਗਾਇਆ। ਸਾਂਝੇ ਅਧਿਆਪਕ ਮੋਰਚੇ ਦੇ ਸੂਬਾਈ ਕਨਵੀਨਰਾਂ ਬਲਜੀਤ ਸਿੰਘ ਸਲਾਣਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਹਰਵਿੰਦਰ ਸਿੰਘ ਬਿਲਗਾ ਅਤੇ ਸੂਬਾਈ ਆਗੂਆਂ ਸੁਰਿੰਦਰ ਕੁਮਾਰ ਪੁਆਰੀ, ਰਵਿੰਦਰ ਕੰਬੋਜ, ਸੁਲੱਖਣ ਸਿੰਘ ਬੇਰੀ, ਨੀਰਜ ਪਾਲ, ਜਗਜੀਤ ਸਿੰਘ ਨੇ ਦੱਸਿਆ ਕਿ ਮੋਰਚੇ ਵੱਲੋਂ 8 ਦਸੰਬਰ ਦੀ ਜਲੰਧਰ ਰੈਲੀ ਦਾ ਨੋਟਿਸ ਅਤੇ ਸਿੱਖਿਆ ਮੰਤਰੀ ਵਲੋਂ ਗੱਲਬਾਤ ਤੋਂ ਮੁਨਕਰ ਹੋਣ ਸਬੰਧੀ ਮੁੱਖ ਮੰਤਰੀ ਦੇ ਨਿੱਜੀ ਸਹਾਇਕ ਰਾਹੀਂ ਵਿਰੋਧ ਦਰਜ ਕਰਵਾਇਆ ਗਿਆ ਹੈ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਤੇ ਨਾਨ ਟੀਚਿੰਗ ਦੀਆਂ ਪੈਂਡਿੰਗ ਤਰੱਕੀਆਂ ਲਟਕਾਉਣ, ਵਿਕਟੇਮਾਈਜ਼ੇਸ਼ਨਾਂ ਰੱਦ ਨਾ ਕਰਨ, ਹੋਈਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਨਾ ਕਰਨ ਤੇ ਬਾਕੀਆਂ ਨੂੰ ਮੌਕਾ ਨਾ ਦੇਣ, ਪਦਉਨਤ ਲੈਕਚਰਾਰਾਂ ’ਤੇ ਜਬਰੀ ਥੋਪਿਆ ਵਿਭਾਗੀ ਟੈਸਟ ਵਾਪਿਸ ਨਾ ਲੈਣ, ਤਨਖਾਹ ਕਮਿਸ਼ਨ ਵਿੱਚ ਸਾਲ 2011 ਦੇ ਵਾਧੇ ਬਰਕਾਰ ਰੱਖਦਿਆਂ 2.72 ਗੁਣਾਂਕ ਅਨੁਸਾਰ ਵਾਧਾ ਯਕੀਨੀ ਨਾ ਬਣਾਉਣ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਤਨਖਾਹ ਸਕੇਲਾਂ ਤੋਂ ਤੋੜਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਾ ਕਰਨ, ਵੱਖ-ਵੱਖ ਕੈਟਾਗਰੀਆਂ ਦੀ ਤੋੜੀ ਪੇਅ ਪੈਰਿਟੀ ਨੂੰ ਬਹਾਲ ਨਾ ਕਰਨ, ਕੱਚੇ ਅਧਿਆਪਕ/ਨਾਨ-ਟੀਚਿੰਗ/ਓ.ਡੀ.ਐੱਲ. ਅਧਿਆਪਕਾਂ ਦੀ ਰੈਗੂਲਰਾਈਜੇਸ਼ਨ ਤੋਂ ਹੱਥ ਪਿੱਛੇ ਖਿੱਚਣ, ਕੰਪਿਊਟਰ ਅਧਿਆਪਕਾਂ ਦੀਆਂ ਵਿਭਾਗੀ ਸ਼ਿਫਟਿੰਗ ਨਾ ਕਰਨ, 180 ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਪੰਜਾਬ ਦੇ ਤਨਖਾਹ ਸਕੇਲ ਨਾ ਦੇਣ, ਨਵੀਆਂ ਭਰਤੀਆਂ ਮੁਕੰਮਲ ਨਾ ਕਰਨ ਅਤੇ ਸਾਰੀਆਂ ਖਾਲੀ ਅਸਾਮੀਆਂ ਲਈ ਇਸ਼ਤਿਹਾਰ ਨਾ ਜਾਰੀ ਕਰਨ, ਵੱਖ-ਵੱਖ ਪ੍ਰਾਜੈਕਟਾਂ ਤਹਿਤ ਸਕੂਲਾਂ ਤੋਂ ਬਾਹਰ ਹਜ਼ਾਰਾਂ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ਵਿਚ ਨਾ ਭੇਜਣ, ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ’ਤੇ ਥੋਪਿਆ ਹਜਾਰਾਂ ਰੁਪਏ ਦਾ ਜੁਰਮਾਨਾ ਰੱਦ ਨਾ ਕਰਵਾਉਣ ਖਿਲਾਫ ‘8 ਦਸੰਬਰ ਚੱਲੋ ਜਲੰਧਰ‘ ਦੇ ਨਾਅਰੇ ਤਹਿਤ ਅਧਿਆਪਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਰੋਸ ਰੈਲੀ ਦਾ ਹਿੱਸਾ ਬਣਨ ਦਾ ਸੱਦਾ ਵੀ ਦਿੱਤਾ ਗਿਆ।

LEAVE A REPLY

Please enter your comment!
Please enter your name here