ਅੰਮ੍ਰਿਤਸਰ,ਰਾਜਿੰਦਰ ਰਿਖੀ -ਪੰਜਾਬ ਸਰਕਾਰ ਵੱਲੋਂ ਖੇਡ ਮੇਲਾ 2022 ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 14 ਤੋਂ 50 ਸਾਲਾ ਵਰਗਾਂ ਦੇ (ਮਰਦ ਅਤੇ ਔਰਤ) ਖਿਡਾਰੀਆਂ ਨੇ ਭਾਗ ਲੈਣਾ ਹੈ। ਇਸ ਖੇਡ ਮੇਲੇ ਦੀ ਅਨਾਊਂਸਮੈਂਟ ਹੁੰਦਿਆਂ ਸਾਰ ਹੀ ਬਾਕੀ ਖੇਡਾਂ ਦੇ ਨਾਲ-ਨਾਲ ਸਾਇਕਲਿੰਗ ਖੇਡ ਨਾਲ ਸਬੰਧਿਤ ਖਿਡਾਰੀਆਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਪਰ ਜਦੋਂ ਇਨ੍ਹਾਂ ਖੇਡਾਂ ਬਾਰੇ ਅੰਤਮ ਸੂਚੀ ਜਾਰੀ ਹੋਈ ਤਾਂ ਸਾਈਕਲਿੰਗ ਖੇਡ ਨੂੰ ਇਸ ਵਿੱਚੋਂ ਬਾਹਰ ਰੱਖਿਆ ਗਿਆ। ਜਿਸ ਨੂੰ ਵੇਖ ਕੇ ਪਿਛਲੇ ਲੰਮੇ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਖਿਡਾਰੀਆਂ ਵਿੱਚ ਭਾਰੀ ਨਿਰਾਸ਼ਾ ਛਾ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਅੰਮ੍ਰਿਤਸਰ ਦੇ ਸੈਕਟਰੀ ਬਾਵਾ ਸਿੰਘ ਅਤੇ ਖੇਡ ਪ੍ਰੇਮੀ ਡਾ ਸੰਤਸੇਵਕ ਸਿੰਘ ਸਰਕਾਰੀਆ ਨੇ ਕਿਹਾ ਕਿ ਸਾਈਕਲਿੰਗ ਖੇਡ ਵਿੱਚ ਹਰੇਕ ਖਿਡਾਰੀ ਆਪਣੇ ਖਰਚੇ ‘ਤੇ ਸਾਈਕਲ ਤੇ ਹੋਰ ਸਾਮਾਨ ਖ਼ਰੀਦਦਾ ਹੈ। ਇੰਨੀ ਮਹਿੰਗੀ ਖੇਡ ਹੋਣ ਦੇ ਬਾਵਜੂਦ ਵੀ ਖਿਡਾਰੀ ਇਸ ਨੂੰ ਪੂਰੀ ਲਗਨ ਨਾਲ ਬਿਨਾਂ ਕਿਸੇ ਸਰਕਾਰੀ ਇਮਦਾਦ ਦੇ ਖੇਡ ਰਹੇ ਹਨ ਪਰ ਜਦੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਖੇਡ ਸੂਚੀ ਵਿਚੋਂ ਸਾਈਕਲਿੰਗ ਖੇਡ ਨੂੰ ਬਾਹਰ ਕੀਤਾ ਗਿਆ ਤਾਂ ਇਸ ਨਾਲ ਜੁੜੇ ਖਿਡਾਰੀਆਂ, ਸਾਈਕਲਿੰਗ ਅਸੋਸੀਏਸ਼ਨ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਨਿਰਾਸ਼ਾ ਛਾਅ ਗਈ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਮੀਤ ਹੇਅਰ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਪੰਜਾਬ ਸਰਕਾਰ ਬਾਕੀ ਖੇਡਾਂ ਕਰਵਾ ਰਹੀ ਹੈ ਉੱਥੇ ਹੀ ਸਾਈਕਲਿੰਗ ਖੇਡ ਦੇ ਮੁਕਾਬਲੇ ਵੀ ਕਰਵਾਏ ਜਾਣ। ਇਸ ਖੇਡ ਨੂੰ ਕਰਵਾਉਣ ਲਈ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਸਾਇਕਲਿੰਗ ਟਰੈਕ ਬਣੇ ਹਨ ਜਿਥੇ ਇਸ ਖੇਡ ਨੂੰ ਕਰਵਾਉਣ ਲਈ ਪੂਰਾ ਪ੍ਰਬੰਧ ਹੈ। ਉਨ੍ਹਾਂ ਅੱਗ ਕਿਹਾ ਕਿ ਸਾਇਕਲਿੰਗ ਖੇਡ ਮੁਕਾਬਲੇ ਕਰਵਾ ਕੇ ਇਸ ਖੇਡ ਨਾਲ ਜੁੜੇ ਖਿਡਾਰੀਆਂ ਵਿੱਚ ਉਤਸ਼ਾਹ ਭਰਿਆ ਜਾਵੇ ਤਾਂ ਜੋ ਉਹ ਅੱਗੇ ਜਾ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੱਡੀਆਂ ਮੱਲਾਂ ਮਾਰ ਸਕਣ ।
Boota Singh Basi
President & Chief Editor