ਸਾਬਕਾ ਸਰਪੰਚ ‘ਤੇ ਜਾਨਲੇਵਾ ਹਮਲਾ ਕਰਨ ਵਾਲੇ 2 ਵਿਅਕਤੀ ਦੋ ਘੰਟਿਆਂ ਅੰਦਰ ਹੀ ਪੁਲਿਸ ਵੱਲੋਂ ਗ੍ਰਿਫਤਾਰ

0
104

ਵਾਰਦਾਤ ਸਮੇਂ ਵਰਤਿਆ ਅਸਲੇ ਸਮੇਤ ਮੋਟਰਸਾਇਕਲ ਬਰਾਮਦ: ਐਸ.ਐਸ.ਪੀ ਸੁਰੇਂਦਰ ਲਾਂਬਾ
ਸੰਗਰੂਰ, 25 ਮਈ, 2023: ਸ੍ਰੀ ਸੁਰੇਂਦਰ ਲਾਂਬਾ (ਆਈ.ਪੀ.ਐਸ) ਐਸ.ਐਸ.ਪੀ. ਸੰਗਰੂਰ ਨੇ ਪੁਲਿਸ ਲਾਈਨ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਲੁੱਟਾਂ ਖੋਹਾਂ ਕਰਨ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮੂਨਕ ਵਿਖੇ ਸਾਬਕਾ ਸਰਪੰਚ ਉਤੇ ਕਥਿਤ ਜਾਨਲੇਵਾ ਹਮਲਾ ਕਰਨ ਵਾਲੇ 02 ਵਿਅਕਤੀਆਂ ਨੂੰ ਦੋ ਘੰਟਿਆਂ ਅੰਦਰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤਿਆ 01 ਪਿਸਤੌਲ ਦੇਸੀ 32 ਬੋਰ, 4 ਕਾਰਤੂਸ ਜਿੰਦਾ ਤੇ 2 ਚੱਲੇ ਹੋਏ ਕਾਰਤੂਸ ਦੇ ਖੋਲ ਸਮੇਤ ਮੋਟਰਸਾਇਕਲ ਬਰਾਮਦ ਕੀਤੇ ਹਨ।

ਸ੍ਰੀ ਸੁਰੇਂਦਰ ਲਾਂਬਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 24.05.2023 ਨੂੰ ਵਕਤ ਕਰੀਬ ਦੁਪਹਿਰ 2 ਵਜੇ ਕ੍ਰਿਸਨ ਸਿੰਘ ਪੁੱਤਰ ਰਾਮਦੀਆ ਵਾਸੀ ਬੰਗਾਂ ਨੂੰ ਬਾਹਰਲੇ ਨੰਬਰ ਤੋਂ ਧਮਕੀ ਭਰੀ ਫੋਨ ਕਾਲ ਆਈ। ਫਿਰ ਕੱਲ ਰਾਤ ਵਕਤ ਕਰੀਬ 10:00 ਵਜੇ ਕ੍ਰਿਸ਼ਨ ਸਿੰਘ ਨੂੰ ਆਪਣੇ ਘਰ ਦੇ ਬਾਹਰ ਫਾਇਰ ਹੋਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਜਦੋਂ ਕ੍ਰਿਸ਼ਨ ਸਿੰਘ ਨੇ ਆਪਣੇ ਘਰ ਦੇ ਬਾਹਰ ਜਾ ਕੇ ਦੇਖਿਆ ਤਾਂ ਇੱਕ ਮੋਟਰਸਾਇਕਲ ਉਤੇ ਤਿੰਨ ਵਿਅਕਤੀ ਸਵਾਰ ਸਨ, ਜਿੰਨਾਂ ਵਿੱਚੋਂ ਇੱਕ ਨੇ ਕ੍ਰਿਸ਼ਨ ਸਿੰਘ ਨੂੰ ਕਥਿਤ ਮਾਰ ਦੇਣ ਦੀ ਨੀਅਤ ਨਾਲ ਉਸ ਪਰ ਫਾਇਰ ਕੀਤੇ, ਜੋ ਫਾਇਰ ਲੱਗਣ ਤੋਂ ਬਚ ਗਿਆ ਅਤੇ ਤਿੰਨੇ ਮੋਟਰਸਾਇਕਲ ਸਵਾਰ ਮੌਕੇ ਤੋਂ ਭੱਜ ਗਏ। ਐਸ.ਐਸ.ਪੀ ਨੇ ਦੱਸਿਆ ਕਿ ਕ੍ਰਿਸ਼ਨ ਸਿੰਘ ਉਕਤ ਦੇ ਬਿਆਨ ਪਰ ਮੁਕੱਦਮਾ ਨੰਬਰ 70 ਮਿਤੀ 25.05.2023 ਅ/ਧ 307,506,34 ਹਿੰ:ਡੰ: ਅਤੇ 25,27/54/59 ਆਰਮਜ਼ ਐਕਟ ਥਾਣਾ ਮੂਨਕ ਬਰਖਿਲਾਫ ਰਾਜੀਵ ਪੁੱਤਰ ਬਲਵਾਨ ਵਾਸੀ ਬੰਗਾਂ ਅਤੇ 02 ਨਾਮਲੂਮ ਵਿਅਕਤੀ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਐਸ ਐਸ ਪੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਸ੍ਰੀ ਮਨੋਜ ਗੋਰਸੀ ਉਪ ਕਪਤਾਨ ਪੁਲਿਸ ਸਬ ਡਵੀਜਨ ਮੂਨਕ ਦੀ ਅਗਵਾਈ ਹੇਠ ਥਾਣਾ ਮੂਨਕ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਸ਼ਮਸ਼ੇਰ ਸਿੰਘ ਅਤੇ ਹੈਪੀ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਬੰਗਾਂ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਿਤੀ 25.05.2023 ਨੂੰ ਹੀ 02 ਘੰਟਿਆਂ ਦੇ ਅੰਦਰ-ਅੰਦਰ ਕਥਿਤ ਦੋਸ਼ੀ ਰਾਜੀਵ ਪੁੱਤਰ ਬਲਵਾਨ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਸ਼ਮਸ਼ੇਰ ਸਿੰਘ ਵਾਸੀਆਨ ਬੰਗਾਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤਿਆ ਅਸਲਾ 01 ਪਿਸਤੌਲ ਦੇਸੀ 32 ਬੋਰ ਸਮੇਤ 04 ਕਾਰਤੂਸ ਜਿੰਦਾ ਤੇ 02 ਚੱਲੇ ਕਾਰਤੂਸ ਦੇ ਖੋਲ ਸਮੇਤ ਮੋਟਰਸਾਇਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਹੈਪੀ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।

LEAVE A REPLY

Please enter your comment!
Please enter your name here