ਸਾਬਿਰ ਅਲੀ ਸਾਬਿਰ ਦੀ ਪੁਸਤਕ ‘ਭੁੱਖ’ ਦੇ ਲੋਕ ਅਰਪਣ ਸੰਬੰਧੀ ਸਮਾਗਮ ਕਰਵਾਇਆ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸ਼ਾਇਰਾਂ ਨੇ ਵਿਸ਼ੇਸ਼ ਹਾਜ਼ਰੀ ਭਰੀ

0
438

ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਇਹਨੀਂ ਦਿਨੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸ਼ਾਇਰ ਯੂਕੇ ਦੌਰੇ ‘ਤੇ ਆਏ ਹੋਏ ਹਨ। ਜਿਹਨਾਂ ਵਿੱਚ ਸਾਬਿਰ ਅਲੀ ਸਾਬਿਰ, ਤਾਹਿਰਾ ਸਰਾ, ਸਿਮਰਨ ਅਕਸ ਤੇ ਸੁਨੀਲ ਸਾਜੱਲ ਦੇ ਨਾਂ ਸ਼ਾਮਲ ਹਨ। ਸਾਬਿਰ ਅਲੀ ਸਾਬਿਰ ਦੀ ਪੁਸਤਕ ‘ਭੁੱਖ’ ਨੂੰ ਲੋਕ ਅਰਪਣ ਕਰਨ ਹਿਤ ਸਮਾਗਮ ਸ਼ਿਵ ਕੁਮਾਰ ਬਟਾਲਵੀ ਆਰਗੇਨਾਈਜੇਸ਼ਨ ਯੂਕੇ ਅਤੇ ਮੇਲ਼ ਗੇਲ਼ ਮਲਟੀਕਲਚਰਲ ਸੋਸਾਇਟੀ ਨੌਰਵੁੱਡ ਗਰੀਨ ਵੱਲੋਂ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ. ਗੁਰਬਚਨ ਸਿੰਘ ਅਟਵਾਲ ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਟਰੱਸਟੀ ਸ. ਦਲਜੀਤ ਸਿੰਘ ਗਰੇਵਾਲ ਸ਼ਾਮਿਲ ਹੋਏ। ਇਸ ਸਮੇਂ ਹੋਏ ਮੁਸ਼ਾਇਰੇ ਦੌਰਾਨ ਲਹਿੰਦੇ ਪੰਜਾਬ ਤੋਂ ਆਏ ਸੁਰੀਲੇ ਗਾਇਕ ਸੁਨੀਲ ਸੱਜਲ ਨੇ ਸਾਬਿਰ ਅਲੀ ਸਾਬਿਰ ਦੀ ਲਿਖੀ ਗ਼ਜ਼ਲ “ਜਜ਼ਬਿਆਂ ਤੇ ਚੱਲੀਆਂ ਨੇ ਆਰੀਆਂ” ਤੇ ਕਵਿੱਤਰੀ ਤਾਹਿਰਾ ਸਰਾ ਦਾ ਲਿਖਿਆ ਗੀਤ “ਜਿਹਨੂੰ ਤੱਕਿਆਂ ਮੇਰਾ ਦਿਨ ਚੜ੍ਹਦਾ” ਗਾ ਕੇ ਸਮਾਂ ਬੰਨ੍ਹ ਦਿੱਤਾ। ਚੜ੍ਹਦੇ ਪੰਜਾਬ ਤੋਂ ਆਈ ਗਾਇਕਾ ਮਨਜੀਤ ਨਿੱਕੀ ਵੱਲੋਂ “ਜਦੋਂ ਤੂੰ ਨਾਂ ਲਵੇਂ ਸਾਡਾ, ਇਹ ਦਿਲ ਕੁਰਬਾਨ ਹੋ ਜਾਂਦੈ” ਗੀਤ ਉਪਰੰਤ ਟਣਕਦੀ ਅਵਾਜ਼ ਵਿੱਚ ਬੋਲੀਆਂ ਗਾ ਕੇ ਪੰਡਾਲ ਵਿੱਚ ਬੈਠੀਆਂ ਬੀਬੀਆਂ ਨੂੰ ਉੱਠ ਕੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਕਵੀਆਂ ਦੀ ਕਤਾਰ ਵਿੱਚ ਲਹਿੰਦੇ ਪੰਜਾਬ ਤੋਂ ਆਏੇ ਸਾਬਿਰ ਅਲੀ ਸਾਬਿਰ ਵੱਲੋਂ “ਇੰਨੇ ਚੋਖੇ ਚਿਰ ਪਿੱਛੋਂ ਨਾ ਆਇਆ ਕਰ”, ਤਾਹਿਰਾ ਸਰਾ ਵੱਲੋਂ “ਪਹਿਲੀ ਗੱਲ ਤਾਂ ਸਾਰੀ ਗ਼ਲਤੀ ਮੇਰੀ ਨਹੀਂ” ਅਤੇ ਚੜ੍ਹਦੇ ਪੰਜਾਬ ਤੋਂ ਆਈ ਕਵਿੱਤਰੀ ਸਿਮਰਨ ਅਕਸ ਵੱਲੋਂ “ਭੋਲ਼ੀ ਏਂ ਕਿ ਸੁੰਨੀ ਏਂ, ਕਿਸ ਮਿੱਟੀ ਵਿੱਚ ਗੁੰਨ੍ਹੀਂ ਏਂ” ਸੁਣਾ ਕੇ ਸਮਾਂ ਯਾਦਗਾਰ ਬਣਾ ਦਿੱਤਾ। ਸਾਬਿਰ ਅਲੀ ਸਾਬਿਰ ਦੀ ਪੁਸਤਕ ‘ਭੁੱਖ’ ਦੇ ਸੰਬੰਧ ‘ਚ ਹੋਈ ਚਰਚਾ ਵਿੱਚ ਤਲਵਿੰਦਰ ਸਿੰਘ ਢਿੱਲੋਂ, ਕੁਲਵੰਤ ਕੌਰ ਢਿੱਲੋਂ, ਤਾਹਿਰਾ ਸਰਾ, ‘ਚਰਚਾ’ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਗੁਰਨਾਮ ਸਿੰਘ ਗਰੇਵਾਲ, ਪ੍ਰਸਿੱਧ ਫ਼ਿਲਮ ਸਮੀਖਿਅਕ ਇਕਬਾਲ ਚਾਨਾ, ਸਿਮਰਨ ਅਕਸ, ਨਾਵਲਕਾਰ ਮਹਿੰਦਰਪਾਲ ਧਾਲੀਵਾਲ ਤੇ ਸ਼ਗੁਫ਼ਤਾ ਗਿੰਮੀ ਨੇ ਹਿੱਸਾ ਲਿਆ।

ਇਨ੍ਹਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਭਿੰਦਰ ਜਲਾਲਾਬਾਦੀ, ਦਲਵਿੰਦਰ ਕੌਰ ਬੁੱਟਰ, ਸ਼ਿਵਦੀਪ ਕੌਰ ਢੇਸੀ, ਅਮਰ ਜੋਤੀ, ਮਨਜੀਤ ਪੱਡਾ, ਕਿੱਟੀ ਬੱਲ, ਭਜਨ ਧਾਲੀਵਾਲ, ਬਲਵਿੰਦਰ ਤੇ ਗੁਰਨਾਮ ਸਿੰਘ ਗਰੇਵਾਲ, ਗੁਰਮੇਲ ਕੌਰ ਸੰਘਾ, ਜਗਜੀਤ ਕੌਰ, ਮਿਸਿਜ਼ ਖਟੜਾ, ਸੰਸਾਰ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਲਾ ਪ੍ਰੇਮੀ ਹਾਜਰ ਸਨ।

LEAVE A REPLY

Please enter your comment!
Please enter your name here