ਚੋਹਲਾ ਸਾਹਿਬ/ਤਰਨਤਾਰਨ,8 ਸਤੰਬਰ(ਨਈਅਰ) -ਦੁਨੀਆਂ ਦੇ ਇਤਿਹਾਸ ਦੀ ਮਹਾਨ ਜੰਗ,ਜੋ ਕਿ ਸਾਰਾਗੜ੍ਹੀ ਦੀ ਲੜਾਈ ਕਰਕੇ ਜਾਣੀ ਜਾਂਦੀ ਹੈ, ਵਿਚ ਸ਼ਹੀਦ ਹੋਏ ਮਾਝੇ ਦੇ ਸ਼ਹੀਦ ਨਾਇਕ ਲਾਲ ਸਿੰਘ ਦਾ ਸ਼ਹੀਦੀ ਦਿਹਾੜਾ ਉਨਾਂ ਦੇ ਜ਼ੱਦੀ ਪਿੰਡ ਧੁੰਨ ਢਾਏ ਵਾਲਾ ਨਜ਼ਦੀਕ (ਚੋਹਲਾ ਸਾਹਿਬ) ਵਿਖੇ 11 ਸਤੰਬਰ ਨੂੰ ਮਨਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਸਾਰਾਗੜ੍ਹੀ ਮੈਮੋਰੀਅਲ ਧੁੰਨ ਢਾਏ ਵਾਲਾ ਦੇ ਸੇਵਾਦਾਰ ਸ.ਸਤਬੀਰ ਸਿੰਘ ਨੇ ਦੱਸਿਆ ਕਿ ਇਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 8 ਵਜੇ ਪਾਏ ਜਾਣਗੇ।ਉਪਰੰਤ ਕੀਰਤਨ ਦਰਬਾਰ ਹੋਵੇਗਾ। ਉਨਾਂ ਦੱਸਿਆ ਕਿ ਇਸ ਮਗਰੋਂ ਬ੍ਰਿਟਿਸ਼ ਆਰਮੀ ਤੇ ਭਾਰਤੀ ਸੈਨਾ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਜਾਵੇਗੀ।ਇਸ ਦੌਰਾਨ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਮੋਨੀਸ਼ ਕੁਮਾਰ,ਭਾਰਤੀ ਫੌਜ ਦੇ ਸੇਵਾ ਮੁੱਕਤ ਅਧਿਕਾਰੀ ਤੇ ਇਲਾਕੇ ਦੀ ਸੰਗਤ ਨਾਇਕ ਲਾਲ ਸਿੰਘ ਨੂੰ ਸ਼ਰਧਾ ਭੇਟ ਕਰਨ ਲਈ ਪੁੱਜੇਗੀ।ਉਨਾਂ ਦੱਸਿਆ ਕਿ ਨਾਇਕ ਲਾਲ ਸਿੰਘ,ਸਾਰਾਗੜ੍ਹੀ ਦੇ ਕਿਲੇ ਜੋ ਕਿ ਪਾਕਿਸਤਾਨ ਵਿਚ ਸਥਿਤ ਹੈ,ਵਿਚ ਲੜਾਈ ਵੇਲੇ ‘ਸੈਕਿੰਡ ਇਨ ਕਮਾਂਡ ’ ਸਨ ਅਤੇ ਉਹ 7 ਘੰਟੇ ਤੋਂ ਵੱਧ ਸਮਾਂ ਦੁਸਮਣਾਂ ਨਾਲ ਲੋਹਾ ਲੈਂਦੇ ਰਹੇ।ਦੱਸਣਯੋਗ ਹੈ ਕਿ ਸਾਰਾਗੜ੍ਹੀ ਦੀ ਲੜਾਈ ਜੋ ਕਿ 12 ਸਤੰਬਰ 1897 ਨੂੰ ਪਾਕਿਸਤਾਨ ਦੇ ਉਤਰ ਪੱਛਮ ਸਰਹੱਦੀ ਖੇਤਰ ਕੋਹਾਟ ਜਿਲ੍ਹੇ ਵਿਚ ਹੋਈ।ਇਹ ਦੁਨੀਆਂ ਦੀ ਅਸਾਂਵੀਆਂ ਜੰਗਾਂ ਵਿਚੋਂ ਇਕ ਮੰਨੀ ਜਾਂਦੀ ਹੈ, ਕਿਉਂਕਿ ਇਕ ਪਾਸੇ ਕੇਵਲ 21 ਸਿੱਖ ਜਵਾਨ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਸਨ ਅਤੇ ਦੂਸਰੇ ਪਾਸੇ 10 ਹਜ਼ਾਰ ਦੇ ਕਰੀਬ ਅਫਗਾਨੀ ਹਮਲਾਵਰ। ਸਿੱਖ ਫੌਜੀਆਂ ਨੂੰ ਕਿਸੇ ਬਾਹਰੀ ਮਦਦ ਦੀ ਆਸ ਨਹੀਂ ਸੀ,ਪਰ ਫਿਰ ਵੀ ਉਨਾਂ ਦੁਸ਼ਮਣ ਅੱਗੇ ਹੱਥ ਖੜ੍ਹੇ ਕਰਨ ਨਾਲੋਂ ਆਖਰੀ ਦਮ ਤੱਕ ਲੜਾਈ ਲੜੀ। ਇਸ ਜੰਗ ਵਿਚ ਜਿੱਥੇ 21 ਸਿੱਖ ਜਵਾਨ ਅਤੇ ਇਕ ਦਾਦ,ਜੋ ਕਿ ਫੌਜੀਆਂ ਦੀ ਸਹਾਇਤਾ ਕਰ ਰਿਹਾ ਸੀ, ਸ਼ਹੀਦ ਹੋਏ, ਉਥੇ 200 ਦੇ ਕਰੀਬ ਅਫਗਾਨੀ ਮਾਰੇ ਗਏ ਤੇ 600 ਤੋਂ ਵੱਧ ਅਫਗਾਨੀ ਜ਼ਖਮੀ ਹੋਏ। ਮਹਾਰਾਣੀ ਵਿਕਟੋਰੀਆ ਨੇ ਇਨਾਂ ਸਾਰੇ 21 ਜਵਾਨਾਂ ਨੂੰ ਉਸ ਵੇੇਲੇ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ‘ਇੰਡੀਅਨ ਆਰਡਰ ਆਫ ਮੈਰਿਟ’,ਜੋ ਕਿ ਅੱਜ ਪਰਮਵੀਰ ਚੱਕਰ ਦੇ ਬਰਾਬਰ ਹੈ,ਦਿੱਤਾ।ਇਸ ਤੋਂ ਪਹਿਲਾਂ ਇਹ ਐਵਾਰਡ ਕੇਵਲ ਤੇ ਕੇਵਲ ਅੰਗਰੇਜ਼ ਸੈਨਿਕਾਂ ਨੂੰ ਹੀ ਮਿਲ ਸਕਦਾ ਸੀ ਅਤੇ ਉਹ ਵੀ ਸਿਰਫ ਜ਼ਿੰਦਾ ਸੈਨਿਕ ਨੂੰ ਦਿੱਤਾ ਜਾਂਦਾ ਸੀ।
Boota Singh Basi
President & Chief Editor