ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) -ਈਲਿੰਗ ਕੌਂਸਲ ਦੇ ਉੱਚ ਅਧਿਕਾਰੀਆਂ ਤੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੋਵਿਡ ਦੌਰਾਨ ਲੋਕਾਂ ਦੀ ਨਿਸਕਾਮ ਸੇਵਾ ਕਰਨ ਵਾਲੀਆਂ ਸੰਸਥਾਵਾਂ ਦੀ ਸਲਾਹੁਤਾ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਅਣਥੱਕ ਕਾਰਜਾਂ ਸੰਬੰਧੀ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲੰਡਨ ਦੀ ਨਾਮਵਾਰ ਸੰਸਥਾ ਵੋਇਸ ਆਫ ਵੂਮੈਨ ਨੂੰ ਵੀ ਬੇਹੱਦ ਮਾਣ ਸਤਿਕਾਰ ਦਿੱਤਾ ਗਿਆ। ਮੰਚ ਤੋਂ ਪ੍ਰਸਾਰਿਤ ਹੁੰਦੇ ਵੀਡੀਓ ਰਾਹੀਂ ਹੋਰਨਾਂ ਸੰਸਥਾਵਾਂ ਦੇ ਨਾਲ ਨਾਲ ਵੋਇਸ ਆਫ ਵੂਮੈਨ ਦੇ ਕੋਵਿਡ ਦੌਰਾਨ ਕੀਤੇ ਕਾਰਜਾਂ ਦਾ ਵੀ ਵਿਸਥਾਰ ਨਾਲ ਉਲੇਖ ਕੀਤਾ ਗਿਆ। ਲੰਡਨ ਬਾਰੋਅ ਆਫ ਈਲਿੰਗ ਦੇ ਡਿਪਟੀ ਲੈਫਟੀਨੈਂਟ ਰਿਚਰਡ ਕਾਰਨਿਕੀ, ਮੇਅਰ ਸ੍ਰੀਮਤੀ ਮਹਿੰਦਰ ਕੌਰ ਮਿੱਢਾ, ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ ਆਦਿ ਵੱਲੋਂ ਵੋਇਸ ਆਫ ਵੂਮੈਨ ਦੀ ਚੇਅਰਪਰਸਨ ਸੁਰਿੰਦਰ ਕੌਰ ਨੂੰ ਆਪਣੀਆਂ ਸਾਥਣਾਂ ਨਾਲ ਰਲ ਕੇ ਕੀਤੇ ਵਡੇਰੇ ਕਾਰਜਾਂ ਲਈ ਧੰਨਵਾਦ ਕਰਦਿਆਂ ਸ਼ਾਬਾਸ਼ ਵੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀਮਤੀ ਸੁਰਿੰਦਰ ਕੌਰ ਨੇ ਕਿਹਾ ਕਿ ਇਹ ਮਾਣ ਸਨਮਾਨ ਇਕੱਲਿਆਂ ਹਾਸਲ ਕਰਨੇ ਬਹੁਤ ਮੁਸ਼ਕਿਲ ਹਨ। ਵੋਇਸ ਆਫ ਵੂਮੈਨ ਦੀਆਂ ਸਮੂਹ ਅਣਥੱਕ ਮਿਹਨਤੀ ਬੀਬੀਆਂ ਦੀ ਲਗਨ ਤੇ ਮਿਹਨਤ ਦਾ ਨਤੀਜਾ ਹੀ ਹੈ ਕਿ ਭਾਈਚਾਰੇ ਦੇ ਵੱਡੇ ਮੰਚਾਂ ਤੋਂ ਮੋਹ ਸਤਿਕਾਰ ਮਿਲਿਆ ਹੈ। ਉਹਨਾਂ ਕਿਹਾ ਕਿ ਅਜਿਹੇ ਮਾਣ ਸਨਮਾਨ ਤੁਹਾਡੀ ਜ਼ਿੰਮੇਵਾਰੀ ਵਿੱਚ ਵਾਧਾ ਕਰਦੇ ਹਨ ਤੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਹੋਰ ਵਧੇਰੇ ਸਮਰਪਣ ਭਾਵਨਾ ਨਾਲ ਲੋਕਪੱਖੀ ਸਮਾਜ ਸੇਵੀ ਕਾਰਜ ਕਰਦੇ ਰਹਾਂਗੇ।
Boota Singh Basi
President & Chief Editor