ਸਿਨਸਿਨਾਟੀ ਵਿਖੇ 20ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ ਕਰਵਾਇਆ ਗਿਆ ਅਮਰੀਕਾ ਅਤੇ ਕੈਨੇਡਾ ਤੋਂ ਵੀ ਸਿੱਖ ਸੰਗਤ ਨੇ ਕੀਤੀ ਸ਼ਮੂਲੀਅਤ

0
144

ਸਿਨਸਿਨਾਟੀ, ਅਮਰੀਕਾ: ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ 20ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਨਾਟੀ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਹਰ ਸਾਲ ਵਾਂਗ, ਇਸ ਵਾਰ ਵੀ ਅਮਰੀਕਾ ਅਤੇ ਕੈਨੇਡਾ ਤੋਂ ਗੁਰਸਿੱਖ ਪਰਿਵਾਰ ਅਨੰਦਮਈ ਕੀਰਤਨ ਅਤੇ ਪ੍ਰੇਰਨਾਦਾਇਕ ਸੰਗਤ ਲਈ ਕਈ ਘੰਟਿਆਂ ਦੀ ਯਾਤਰਾ ਕਰਕੇ ਪਹੁੰਚੇ।

ਸਿਨਸਿਨਾਟੀ ਦੀ ਸੰਗਤ ਇਸ ਸਾਲਾਨਾ ਸਮਾਗਮ ਦੀ ਬੇਸਬਰੀ ਨਾਲ ਉਡੀਕ ਕਰਦੀ ਹੈ ਅਤੇ ਗੁਰੂ ਸਾਹਿਬ ਤੇ ਗੁਰੂ ਜੀ ਦੇ ਪਿਆਰੇ ਸਿੱਖਾਂ ਦੀ ਸੰਗਤ ਵਿੱਚ ਤਿੰਨ ਦਿਨ ਬਿਤਾਉਣ ਲਈ ਉਤਸੁਕ ਰਹਿੰਦੀ ਹੈ। ਸਮਾਗਮ ਵਿੱਚ ਭਾਗ ਲੈਣ ਲਈ ਭਾਈ ਅਨੰਤਵੀਰ ਸਿੰਘ ਜੀ ਲੋਸ ਏਂਜੀਲੇਸ, ਭਾਈ ਸਵਿੰਦਰ ਸਿੰਘ ਜੀ ਮੈਰੀਲੈਂਡ ਅਤੇ ਭਾਈ ਗੁਰਸੇਵ ਸਿੰਘ ਜੀ ਟੋਰਾਂਟੇ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ। ਇਹਨਾਂ ਸਭਨਾਂ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਜੀ ਨੇ ਵੀ ਰੱਸ ਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਤਿੰਨ ਦਿਨ ਕੀਰਤਨੀਆਂ ਵੱਲੋਂ, ਕੁੱਲ 20 ਘੰਟੇ, ਜਿਸ ਵਿੱਚ ਬੱਚੇ ਅਤੇ ਨੋਜਵਾਨ ਵੀ ਸ਼ਾਮਲ ਸਨ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਕੀਰਤਨ ਦੌਰਾਨ ਕੋਈ ਘੋਸ਼ਣਾ ਨਹੀਂ ਕੀਤੀ ਗਈ ਅਤੇ ਸਾਰੇ ਕੀਰਤਨ ਕਰਨ ਵਾਲੇ ਸੇਵਾਦਾਰਾਂ ਨੂੰ ਪਹਿਲਾਂ ਹੀ ਵਾਰੀ ਅਤੇ ਸਮਾਂ ਦਿੱਤਾ ਗਿਆ ਸੀ। ਹੋਰ ਕਿਸੇ ਨੇ ਕੀਰਤਨ ਕਰਨ ਲਈ ਵਾਰੀ ਮੰਗਣ ਬਾਰੇ ਸੋਚਿਆ ਵੀ ਨਹੀਂ ਕਿਉਂਕਿ ਸਾਰੇ ਕੀਰਤਨ ਦੋਰਾਨ ਨਾਮ ਦੇ ਪ੍ਰੇਮ ਵਿੱਚ ਰੰਗੇ ਹੋਏ ਸਨ। ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਸੰਗਤ ਵਿਚ ਬੈਠੇ ਕਿਸੇ ਨੂੰ ਘਰ ਜਾਣ ਜਾਂ ਸੌਣ ਦੀ ਕੋਈ ਇੱਛਾ ਨਹੀਂ ਸੀ ਲੰਗਰ ਵਿੱਚ ਸੇਵਾ ਨਿਰੰਤਰ ਚੱਲਦੀ ਰਹੀ ਅਤੇ ਨਾਮ ਦੀ ਗੂੰਜ ਮਹਿਸੂਸ ਹੁੰਦੀ ਰਹੀ।

ਸਿਨਸਿਨਾਟੀ ਵਿਖੇ ਸਾਲ 2003 ਵਿੱਚ ਸੰਗਤਾਂ ਦੇ ਸਹਿਯੋਗ ਨਾਲ ਇਸ ਸਲਾਨਾ ਕੀਰਤਨ ਸਮਾਗਮ ਨੂੰ ਸ਼ੁਰੂ ਵਾਲੇ ਨੋਜਵਾਨ ਭਾਈ ਜੈਪਾਲ ਸਿੰਘ, ਇਸ ਸਾਲ ਮਈ ਮਹੀਨੇ 41 ਸਾਲ ਦੀ ਉਮਰ ਵਿੱਚ ਕੈਂਸਰ ਦੀ ਬਿਮਾਰੀ ਕਾਰਨ ਸੰਗਤਾਂ ਨੂੰ ਵਿਛੋੜਾ ਦੇ ਗਏ। ਹੁਣ ਉਹਨਾਂ ਦੇ ਜਾਣ ਤੋਂ ਬਾਦ ਵੀ ਸਾਰੀ ਸੰਗਤ ਨੇ ਇਸ ਨੂੰ ਜਾਰੀ ਰੱਖਦੇ ਹੋਏ ਇਸ ਕੀਰਤਨ ਸਮਾਗਮ ਦਾ ਆਯੋਜਨ ਕੀਤਾ। ਉਹਨਾਂ ਨੂੰ ਯਾਦ ਕਰਦਿਆਂ ਇਹ ਅਰਦਾਸ ਵੀ ਕੀਤੀ ਗਈ ਕਿ ਇਸ ਸਲਾਨਾ ਸਮਾਗਮ ਦਾ ਆਯੋਜਨ ਸਤੰਬਰ ਜਾਂ ਅਕਤੂਬਰ ਮਹੀਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਨੇੜੇ ਹੁੰਦਾ ਰਹੇ ਅਤੇ ਕਿ ਇਸੇ ਤਰਾਂ ਹਰ ਸਾਲ ਦੂਰ ਦੁਰਾਂਡੇ ਤੋਂ ਆਕੇ ਸੰਗਤ ਗੁਰਬਾਣੀ ਕੀਰਤਨ ਦਾ ਅਨੰਦ ਮਾਨਣ ਲਈ ਜੁੜਦੀ ਰਹੇ।

LEAVE A REPLY

Please enter your comment!
Please enter your name here