ਸਿਨਸਿਨੈਟੀ ਦੇ ਛੇਵੇਂ ਸਲਾਨਾ ਵਿਸ਼ਵ ਧਰਮ ਸੰਮੇਲਨ ਵਿਚ ਸਿੱਖਾਂ ਨੇ ਕੀਤੀ ਸ਼ਮੂਲੀਅਤ

0
268

ਸਿੱਖ ਸੰਗਤ ਵਲੋਂ ਕੀਤੀ ਗਈ ਲੰਗਰ ਸੇਵਾ, ਲਾਈ ਗਈ ਧਰਮ ਬਾਰੇ ਪ੍ਰਦਰਸ਼ਨੀ, ਮਹਿਮਾਨਾਂ ’ਤੇ ਸਜਾਈਆਂ ਗਈਆਂ ਦਸਤਾਰਾਂ, ਮੇਅਰ ਆਫਤਾਬ ਪੂਰੇਵਾਲ ਨੇ ਕੀਤਾ ਸਿੱਖ ਭਾਈਚਾਰੇ ਦਾ ਧੰਨਵਾਦ

ਵਲੋਂ: ਸਮੀਪ ਸਿੰਘ ਗੁਮਾਟਾਲਾ

ਸਿਨਸਿਨੈਟੀ, ਓਹਾਇਓ (8 ਸਤੰਬਰ, 2023): ਬੀਤੇ ਦਿਨੀ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨੈਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਛੇਵਾਂ ਸਲਾਨਾ “ਸਿਨਸਨੈਟੀ ਫੈਸਟੀਵਲ ਆਫ ਫੇਥਸ” (ਵਿਸ਼ਵ ਧਰਮ ਸੰਮੇਲਨ) ਦਾ ਆਯੋਜਨ ਕੀਤਾ ਗਿਆ। ‘ਇਕੁਏਜ਼ਨ’ ਸੰਸਥਾ ਵਲੋਂ ਕਰਵਾਏ ਜਾਂਦੇ ਇਸ ਸੰਮੇਲਨ ਵਿਚ 13 ਪ੍ਰਮੁੱਖ ਵਿਸ਼ਵ ਧਰਮਾˆ ਦੇ ਲੋਕ ਅਤੇ 30 ਤੋਂ ਵੱਧ ਧਾਰਮਿਕ ਸੰਸਥਾਵਾਂ ਇਕ ਵਾਰ ਫਿਰ ਇਕਜੁੱਟ ਹੋਈਆਂ ਅਤੇ ਵੱਖ-ਵੱਖ ਧਰਮਾਂ, ਸਭਿਆਚਾਰਾਂ ਬਾਰੇ ਸਿੱਖਿਆ ਦੇਣ ਅਤੇ ਲੈਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ।

ਸਿਨਸਿਨੈਟੀ ਅਤੇ ਨੇੜਲੇ ਸ਼ਹਿਰ ਡੇਟਨ ਦੇ ਸਿੱਖਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਪਿਛਲੇ ਸਾਲ ਵਾਂਗ ਸਿੱਖ ਭਾਈਚਾਰੇ ਵਲੋਂ ਆਏ ਹੋਏ ਹਜਾਰਾਂ ਮਹਿਮਾਨਾਂ ਲਈ ਲੰਗਰ ਦੀ ਵੀ ਸੇਵਾ ਕੀਤੀ ਗਈ। ਇਸ ਸਾਲ ਹਿੰਦੂ ਭਾਈਚਾਰੇ ਨੇ ਸਿੱਖ ਸੰਗਤ ਨਾਲ ਲੰਗਰ ਦੀ ਸੇਵਾ ਵਿੱਚ ਯੋਗਦਾਨ ਪਾਇਆ। ਆਏ ਹੋਏ ਮਹਿਮਾਨਾਂ ਨੂੰ ਸਿੱਖ ਧਰਮ ਵਿਚ ਲੰਗਰ ਅਤੇ ਸੇਵਾ ਦੀ ਮਹੱਤਤਾ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ ਤੇ ਉਹਨਾਂ ਨੇ ਸਿੱਖਾਂ ਦਾ ਧੰਨਵਾਦ ਕੀਤਾ।

ਫੈਸਟੀਵਲ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਨਾਲ ਹੋਇਆ। ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਪਣੇ ਧਰਮ ਦੇ ਅਕੀਦੇ ਮੁਤਾਬਕ ਪਰਮਾਤਮਾ ਦਾ ਗੁਣ ਗਾਇਨ ਕੀਤਾ। ਮਰਹੂਮ ਜੈਪਾਲ ਸਿੰਘ ਜੋ ਕਿ ਇਸ ਸੰਮੇਲਨ ਦੇ ਮੁੱਖ ਸੰਸਥਾਪਕਾਂ ਵਿੱਚੋਂ ਸਨ ਦੀ ਪਤਨੀ ਅਸੀਸ ਕੌਰ ਨੇ ਸਿੱਖ ਧਰਮ ਦੀਆਂ ਮੂਲ ਬੁਨਿਆਦੀ ਸਿੱਖਿਆਵਾਂ, “ਮੂਲ ਮੰਤਰ” ਬਾਰੇ ਦੱਸਿਆ। ਉਹਨਾਂ ਕਿਹਾ ਕਿ ਜਿਵੇਂ ਪਾਣੀ ਪਾਣੀ ਵਿੱਚ ਅਤੇ ਪ੍ਰਕਾਸ਼ ਪ੍ਰਕਾਸ਼ ਵਿੱਚ ਅਭੇਦ ਹੋ ਜਾਂਦਾ ਹੈ, ਇਸ ਸਾਡੀ ਅਰਦਾਸ ਹੈ ਕਿ ਅਸੀਂ ਵੀ ਸਾਰੇ ਸਰਬੱਤ ਦਾ ਭਲਾ ਮੰਗ ਸ਼ਾਤੀ ਨਾਲ ਇਕੱਠੇ ਰਹੀਏ।

ਇਸ ਮੌਕੇ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਕਵੀਸ਼ਰੀ ਜੱਥੇ ਨੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ। ਸਿੱਖ ਪ੍ਰਦਰਸ਼ਨੀ ਵਿਚ ਪੁਸਤਕਾਂ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਪੰਜ ਕਕਾਰ ਰੱਖੇ ਗਏ। ਆਏ ਹੋਏ ਮਹਿਮਾਨਾਂ ਨੂੰ ਦਸਤਾਰ ਬੰਨਣ ਤੇ ਉਸ ਦੀ ਮਹੱਤਤਾ ਬਾਰੇ ਜਾਣੂ ਕਰਾਉਣ ਲਈ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ। ਵੱਖ-ਵੱਖ ਰੰਗਾਂ ਦੀਆਂ ਦਸਤਾਰਾਂ ਸਜਾਈ ਇਹ ਸਮਾਗਮ ਸਿੱਖ ਸਭਿਆਚਾਰ ਦੇ ਰੰਗਾਂ ਅਤੇ ਪਰੰਪਰਾਵਾˆ ਵਿਚ ਲੀਨ ਹੋ ਗਿਆ। ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼ੁਰਗ ਬਹੁਤ ਹੀ ਉਤਸ਼ਾਹਿਤ ਹੁੰਦੇ, ਤਸਵੀਰਾˆ ਲੈਂਦੇ ਅਤੇ ਮਾਣ ਨਾਲ ਆਪਣੇ ਸਿਰ ਤੇ ਤਾਜ ਦੇ ਨਾਲ ਸੰਮੇਲਨ ਵਿਚ ਘੁੰਮਦੇ ਰਹੇ।

ਸਿਨਸਿਨੈਟੀ ਦੇ ਮੇਅਰ ਆਫਤਾਬ ਪੂਰੇਵਾਲ ਨੇ ਕਿਹਾ, “ਸਾਨੂੰ ਗੁਰੂ ਨਾਨਕ ਸੋਸਾਇਟੀ ਸਿਨਸਿਨੈਟੀ ਅਤੇ ਡੇਟਨ ਦੇ ਸਮੂਹ ਸਿੱਖ ਭਾਈਚਾਰੇ ‘ਤੇ ਮਾਣ ਹੈ। ਸਿੱਖ ਭਾਈਚਾਰਾ ਇੱਥੇ ਆਏ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਲਈ ਲੰਗਰ ਦੀ ਸੇਵਾ ਕਰ ਰਿਹਾ ਹੈ। ਮੈਂ ਭਾਈਚਾਰੇ ਲਈ ਉਤਸ਼ਾਹਿਤ ਅਤੇ ਮਾਣ ਮਹਿਸੂਸ ਕਰਦਾ ਹਾਂ ਕਿ ਉਹ ਲਗਾਤਾਰ ਸਾਡੇ ਆਲੇ ਦੁਆਲੇ ਦੇ ਲੋਕਾਂ ਲਈ ਸੇਵਾ ਕਰਦੇ ਰਹਿੰਦੇ ਹਨ। ਲੋਕਾਂ ਦੀ ਇਹਨੀ ਵੱਡੀ ਗਿਣਤੀ ਲੰਗਰ ਵਿੱਚ ਸ਼ਾਮਲ ਹੁੰਦੇ ਦੇਖ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ।”

ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਜੈਪਾਲ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਭਾਗ ਲੈਣ ਵਾਲੀਆਂ ਸੰਸਥਾਵਾਂ ਵਿੱਚੋਂ ਸਭ ਤੋਂ ਪ੍ਰਮੁੱਖ ਸਥਾਨਕ ਸਿੱਖ ਭਾਈਚਾਰਾ ਨੇ ਬੜੇ ਉਤਸ਼ਾਹ ਨਾਲ ਇਸ ਸੰਮੇਲਨ ਨੂੰ ਕਾਮਯਾਬ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਦਾ ਕਾਰਨ ਫੈਸਟੀਵਲ ਦੇ ਸੰਸਥਾਪਕਾਂ ਵਿੱਚੋ ਇੱਕ ਜੈਪਾਲ ਸਿੰਘ ਹੈ, ਜਿਸਨੇ ਇਸ ਸਲਾਨਾ ਸੰਮੇਲਨ ਨੂੰ ਸ਼ੁਰੂ ਕਰਨ ਵਿੱਚ ਆਪਣਾ ਬਹੁਤ ਵੱਡਾ ਹਿੱਸਾ ਪਾਇਆ। ਇਸ ਨਾਲ ਸਿਨਸਿਨਾਟੀ ਦੇ ਵੱਖ ਵੱਖ ਭਾਈਚਾਰਿਆ ਵਿੱਚ ਆਪਸੀ ਸਿੱਖਿਆ, ਸੰਬੰਧ, ਹਮਦਰਦੀ, ਸਮਝ ਅਤੇ ਪਿਆਰ ਪੈਦਾ ਹੋ ਰਿਹਾ ਹੈ।

LEAVE A REPLY

Please enter your comment!
Please enter your name here