ਸੰਸਥਾ ਦੇ ਸਿਹਤ ਪ੍ਰਬੰਧਾਂ ਦਾ ਲਿਆ ਜਾਇਜਾ
ਭਵਾਨੀਗੜ੍ਹ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਸੀ.ਐੱਚ.ਸੀ. ਅਤੇ ਆਮ ਆਦਮੀ ਕਲੀਨਿਕ ਭਵਾਨੀਗੜ੍ਹ ਦੀ ਅਚਨਚੇਤ ਚੈਕਿੰਗ ਕੀਤੀ । ਇਸ ਚੈਕਿੰਗ ਦੌਰਾਨ ਉਹਨਾਂ ਸਟਾਫ ਦੀ ਹਾਜ਼ਰੀ ਚੈੱਕ ਕੀਤੀ, ਸਾਰਾ ਸਟਾਫ ਹਾਜ਼ਰ ਪਾਇਆ ਗਿਆ।
ਚੈਕਿੰਗ ਦੌਰਾਨ ਉਹਨਾਂ ਹਸਪਤਾਲ ਦੀ ਓਪੀਡੀ , ਆਪਰੇਸ਼ਨ ਥੀਏਟਰ, ਵਾਰਡ, ਐਮਰਜੈਂਸੀ ਸਿਹਤ ਸੇਵਾਵਾਂ, ਜੱਚਾ-ਬੱਚਾ ਸਿਹਤ ਸੇਵਾਵਾਂ ਆਦਿ ਦਾ ਨਿਰੀਖਣ ਕੀਤਾ। ਉਹਨਾਂ ਵਾਰਡ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਪੁੱਛ-ਗਿੱਛ ਕੀਤੀ। ਉਹਨਾਂ ਦਾਖਲ ਮਰੀਜ਼ਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਸਿਹਤ ਸੇਵਾਵਾਂ ਲੈਣ ਵਿੱਚ ਕੋਈ ਮੁਸ਼ਕਿਲ ਆਈ ਹੋਵੇ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਲਿਆਉਣ। ਉਨਾ ਹਸਪਤਾਲ ਦੀ ਸਾਫ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਮਰੀਜ਼ਾਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਉਪਲਬਧ ਕਰਾਉਣ ਲਈ ਵੀ ਕਿਹਾ। ਉਹਨਾਂ ਸੰਸਥਾਗਤ ਜਣੇਪੇ ਹੋਰ ਵਧਾਉਣ ਤੇ ਜ਼ੋਰ ਦੇਣ ਲਈ ਕਿਹਾ।
ਡਾ: ਕਿਰਪਾਲ ਸਿੰਘ ਨੇ ਸਮੂਹ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪੋ ਆਪਣੀ ਡਿਊਟੀ ਮਿਹਨਤ , ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਉਣ ਅਤੇ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨਾਲ ਆਪਣਾ ਵਿਵਹਾਰ ਚੰਗਾ ਰੱਖਣ ਤੇ ਸਰਕਾਰ ਵੱਲੋਂ ਆਮ ਲੋਕਾਂ ਲਈ ਉਪਲਬਧ ਸਾਰੀਆਂ ਸਿਹਤ ਸਹੂਲਤਾਂ ਉਹਨਾਂ ਨੂੰ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ।
ਇਸ ਮੌਕੇ ਸਮੇਤ ਸਮੂਹ ਸਟਾਫ ਹਾਜ਼ਰ ਸਨ।