ਸਿਹਤ ਬਲਾਕ ਤਪਾ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਮਨਾਇਆ ਮਾਹਵਾਰੀ ਸਾਫ-ਸਫ਼ਾਈ ਦਿਵਸ

0
47
ਤਪਾ, 28 ਮਈ, 2024: ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ਵਿੱਚ ਬਲਾਕ ਤਪਾ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਮਾਹਵਾਰੀ ਸਾਫ਼ ਸਫ਼ਾਈ ਦਿਵਸ ਮਨਾਇਆ ਗਿਆ। ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਕਿਹਾ ਕਿ ਹਰ ਸਾਲ, ਮਾਹਵਾਰੀ ਸਾਫ-ਸਫਾਈ ਦਿਵਸ 28 ਮਈ ਨੂੰ ਚੰਗੀ ਮਾਹਵਾਰੀ ਸਫਾਈ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ, ਮਾਹਵਾਰੀ ਉਤਪਾਦਾਂ ਦੀ ਸਭ ਤੱਕ ਪਹੁੰਚ ਦੀ ਮਹੱਤਤਾ ਨੂੰ ਬਹਾਲ ਕਰਨ ਅਤੇ ਮਾਹਵਾਰੀ ਨਾਲ ਜੁੜੇ ਕਲੰਕਾਂ ਨੂੰ ਤੋੜਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਤੇ ਔਰਤਾਂ ਹਰ ਮਹੀਨੇ ਮਾਹਵਾਰੀ ਵਿੱਚੋਂ ਲੰਘਦੀਆਂ ਹਨ ਅਤੇ ਫਿਰ ਵੀ ਉਨ੍ਹਾਂ ਨੂੰ ਇਸ ਕੁਦਰਤੀ ਜੈਵਿਕ ਪ੍ਰਕਿਰਿਆ ਨਾਲ ਜੁੜੇ ਕਲੰਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਸਾਲ, ਮਾਹਵਾਰੀ ਸਾਫ-ਸਫਾਈ ਦਿਵਸ 28 ਮਈ ਨੂੰ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇੱਕ ਮਾਹਵਾਰੀ ਚੱਕਰ ਔਸਤਨ 28 ਦਿਨ ਦਾ ਹੁੰਦਾ ਹੈ ਤੇ ਇੱਕ ਔਰਤ ਨੂੰ ਆਮ ਤੌਰ ‘ਤੇ ਪੰਜ ਦਿਨ ਮਾਹਵਾਰੀ ਆਉਂਦੀ ਹੈ। ਇਸ ਲਈ ਸਾਲ ਦੇ ਪੰਜਵੇਂ ਮਹੀਨੇ ਦੇ 28ਵੇਂ ਦਿਨ ਨੂੰ ਮਾਹਵਾਰੀ ਸਫਾਈ ਦਿਵਸ ਵਜੋਂ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਹਵਾਰੀ ਸਫਾਈ ਦਿਵਸ ਦਾ ਉਦੇਸ਼ ਮਿਥਿਹਾਸ ਨੂੰ ਤੋੜਨਾ ਹੈ ਅਤੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਸਫਾਈ ਬਣਾਈ ਰੱਖਣ ਦੀ ਤਾਕੀਦ ਕਰਨਾ ਹੈ।
ਇਸ ਮੌਕੇ ਪੀ.ਐਚ.ਸੀ. ਟੱਲੇਵਾਲ ਵਿਖੇ ਪੀਅਰ ਐਜੂਕੇਟਰ ਕੁੜੀਆਂ ਨੂੰ ਮਾਹਵਾਰੀ ਬਾਰੇ ਜਾਗਰੂਕ ਕਰਦਿਆਂ ਏ.ਐਮ.ਓ. ਡਾ. ਰੇਨੂੰ ਬਾਲਾ ਨੇ ਕਿਹਾ ਕਿ ਮਾਹਵਾਰੀ ਦੀ ਮਾੜੀ ਸਫਾਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਝ ਕਾਰਨ ਹਨ ਕਿ ਸਾਨੂੰ ਹਮੇਸ਼ਾ ਚੰਗੀ ਮਾਹਵਾਰੀ ਸਫਾਈ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੈਨੇਟਰੀ ਪੈਡ ਕਈ ਕਵਰਾਂ ਵਿੱਚ ਆਉਂਦੇ ਹਨ ਤੇ ਅਸ਼ੁੱਧ ਸੈਨੇਟਰੀ ਨੈਪਕਿਨ ਪਿਸ਼ਾਬ ਦੀ ਲਾਗ, ਫੰਗਲ ਇਨਫੈਕਸ਼ਨ ਅਤੇ ਪ੍ਰਜਨਨ ਨਾਲੀ ਦੀਆਂ ਲਾਗਾਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਸਾਫ ਪੈਡ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਹਰੇਕ 6 ਤੋਂ 8 ਘੰਟਿਆਂ ਵਿੱਚ ਸੈਨੇਟਰੀ ਪੈਡ ਬਦਲਣੇ ਚਾਹੀਦੇ ਹਨ। ਜ਼ਿਆਦਾ ਦੇਰ ਤੱਕ ਪੈਡ ਪਹਿਨਣਾ ਨੁਕਸਾਨਦੇਹ ਹੋ ਸਕਦਾ ਹੈ। ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਹੋ ਸਕੇ ਤਾਂ ਦਿਨ ਵਿੱਚ ਦੋ ਵਾਰ ਨਹਾਓ। ਪ੍ਰਾਈਵੇਟ ਪਾਰਟਸ ਦੀ ਪਾਣੀ ਨਾਲ ਚੰਗੀ ਤਰ੍ਹਾਂ ਸਫ਼ਾਈ ਕਰੋ ਪਰ ਜ਼ਿਆਦਾ ਖ਼ੁਸ਼ਕ ਸਾਬਣ ਦੇ ਇਸਤੇਮਾਲ ਤੋਂ ਬਚੋ। ਪੀਰੀਅਡ ਦੌਰਾਨ ਤੰਗ ਕੱਪੜਿਆਂ ਦੀ ਬਚਾਏ ਖੁੱਲ੍ਹੇ ਕਾਟਨ ਦੇ ਕੱਪੜੇ ਪਾਓ। ਇਸ ਮੌਕੇ ਐਸ.ਈ ਬਲਵਿੰਦਰ ਰਾਮ, ਸੀ.ਐਚ.ਓ. ਬੇਅੰਤ ਕੌਰ. ਏ.ਐਨ.ਐਮ. ਚੰਦਰ ਰੇਖਾ ਤੇ ਮ.ਪ.ਹ.ਵ. ਸੁਖਵਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here