ਬਾਹਰ ਜਾਣ ਵੇਲੇ ਜੁੱਤੀਆਂ ਜਾਂ ਲੰਬੇ ਬੂਟ ਪਹਿਨੋ: ਸਿਵਲ ਸਰਜਨ ਡਾ. ਪਰਮਿੰਦਰ ਕੌਰ
ਸੰਗਰੂਰ, 10 ਅਗਸਤ, 2023: ਬਰਸਾਤਾਂ ਦੇ ਮੌਸਮ ਵਿੱਚ ਸੱਪ ਦੇ ਡੰਗਣ ਦੀ ਸਥਿਤੀ ਵਿਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸੱਪ ਦੇ ਡੰਗਣ ਦੀ ਸਥਿਤੀ ਵਿਚ ਪੀੜਤ ਨੂੰ ਹੌਂਸਲਾ ਦਿੰਦੇ ਰਹੋ, ਘਬਰਾਓ ਨਾ, ਸੱਪ ਦੇ ਡੰਗੇ ਦਾ ਇਲਾਜ ਹੈ। ਡੰਗੀ ਹੋਈ ਥਾਂ ‘ਤੇ ਬਰਫ਼ ਨਾ ਲਗਾਓ ਤੇ ਨਾ ਹੀ ਮਾਲਿਸ਼ ਕਰੋ। ਆਪਣੇ ਆਪ ਕੋਈ ਦਵਾਈ ਨਾ ਲਓ ਅਤੇ ਨਾ ਹੀ ਡੰਗੀ ਹੋਈ ਥਾਂ ’ਤੇ ਕੋਈ ਜੜ੍ਹੀ ਬੂਟੀ ਲਗਾਓ। ਉਹਨਾਂ ਕਿਹਾ ਕਿ ਸੱਪ ਦੇ ਡੰਗ ਤੋਂ ਬਚਾਅ ਲਈ ਹੜ੍ਹਾਂ ਦੇ ਪਾਣੀ ਵਿੱਚ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਬਾਹਰ ਜਾਣ ਵੇਲੇ ਬੰਦ ਜੁੱਤੀਆਂ ਜਾਂ ਲੰਬੇ ਬੂਟ ਪਹਿਨਣੇ ਚਾਹੀਦੇ ਹਨ, ਰਾਤ ਦੇ ਸਮੇਂ ਹਮੇਸ਼ਾ ਟਾਰਚ ਦੀ ਵਰਤੋਂ ਕਰਨੀ ਚਾਹੀਦੀ ਹੈ। ਫਰਸ਼ ‘ਤੇ ਨਹੀਂ ਸੌਣਾ ਚਾਹੀਦਾ ਅਤੇ ਘਰ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਸਮਾਨ ਨੂੰ ਟਿਕਾਣੇ ਸਿਰ ਰੱਖਣਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੱਪ ਦੇ ਡੰਗਣ ਉਪਰੰਤ ਹਮੇਸ਼ਾ ਕਿਸੇ ਮਾਹਰ ਡਾਕਟਰ ਤੋਂ ਹੀ ਇਲਾਜ਼ ਕਰਵਾਉਣਾ ਚਾਹੀਦਾ ਹੈ।
Boota Singh Basi
President & Chief Editor