ਸਿਹਤ ਵਿਭਾਗ ਵੱਲੋਂ ਹਾਈਪਰਟੈਨਸ਼ਨ ਅਤੇ ਸ਼ੂਗਰ ਪ੍ਰਬੰਧਨ ਪ੍ਰੋਟੋਕੋਲ ਜਾਰੀ

0
213

ਪੰਜ ਹੋਰ ਜ਼ਿਲ੍ਹਿਆਂ ਵਿੱਚ ਭਾਰਤੀ ਹਾਈਪਰਟੈਨਸ਼ਨ ਕੰਟਰੋਲ ਪਹਿਲਕਦਮੀ ਦੀ ਸ਼ੁਰੂਆਤ; ਹੁਣ 15 ਜ਼ਿਲ੍ਹੇ ਕਵਰ ਕੀਤੇ ਜਾਣਗੇ

ਹਾਈਪਰਟੈਨਸ਼ਨ ਕੰਟਰੋਲ ਪਹਿਲਕਦਮੀ ਸਦਕਾ ਸੂਬੇ ਵਿੱਚ ਬਲੱਡ ਪ੍ਰੈਸ਼ਰ ਕੰਟਰੋਲ ਵਾਲੇ 62 ਫੀਸਦ ਮਰੀਜ਼ ਰਿਪੋਰਟ ਕੀਤੇ ਗਏ

ਚੰਡੀਗੜ੍ਹ, 9 ਜੂਨ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਹਾਈਪਰਟੈਨਸ਼ਨ ਕੰਟਰੋਲ ਗਤੀਵਿਧੀਆਂ ਨੂੰ ਤੇਜ਼ ਕਰਨ ਲਈ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਇੱਥੇ ਭਾਰਤੀ ਹਾਈਪਰਟੈਨਸ਼ਨ ਕੰਟਰੋਲ ਪਹਿਲਕਦਮੀ (ਆਈ.ਐਚ.ਸੀ.ਆਈ.) ਬਾਰੇ ਕਰਵਾਈ ਗਈ ਸੂਬਾ ਪੱਧਰੀ ਓਰੀਐਂਟੇਸ਼ਨ ਸਿਖਲਾਈ ਦੌਰਾਨ ਹਾਈਪਰਟੈਨਸ਼ਨ ਅਤੇ ਡਾਇਬਟੀਜ਼ ਕੰਟਰੋਲ ਪ੍ਰੋਟੋਕੋਲ ਜਾਰੀ ਕੀਤਾ ਗਿਆ।
ਇਹ ਪ੍ਰੋਟੋਕੋਲ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਆਦਰਸ਼ਪਾਲ ਕੌਰ ਵੱਲੋਂ ਸਾਂਝੇ ਤੌਰ ‘ਤੇ ਜਾਰੀ ਕੀਤਾ ਗਿਆ।

ਇਸ ਮੌਕੇ ਸੂਬੇ ਦੇ ਪੰਜ ਹੋਰ ਜ਼ਿਲ੍ਹਿਆਂ ਵਿੱਚ ਵੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਦੇ 10 ਜ਼ਿਲ੍ਹਿਆਂ ਨੂੰ ਇਸ ਪਹਿਲਕਦਮੀ ਤਹਿਤ ਕਵਰ ਕੀਤਾ ਜਾ ਰਿਹਾ ਹੈ। ਹੁਣ ਆਈ.ਐਚ.ਸੀ.ਆਈ. ਨੂੰ ਪੰਜ ਹੋਰ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾਵੇਗਾ, ਜਿਸ ਨਾਲ ਇਸ ਅਧੀਨ ਕਵਰ ਕੀਤੇ ਜਾ ਰਹੇ ਜ਼ਿਲ੍ਹਿਆਂ ਦੀ ਕੁੱਲ ਗਿਣਤੀ 15 ਹੋ ਜਾਵੇਗੀ।

ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਭਾਰਤ ਹੁਣ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਇਸ ਦਾ ਰੋਗ ਪੈਟਰਨ ਵੀ ਸੰਚਾਰੀ ਬਿਮਾਰੀਆਂ ਤੋਂ ਗੈਰ ਸੰਚਾਰੀ ਬਿਮਾਰੀਆਂ ਵਿੱਚ ਬਦਲ ਰਿਹਾ ਹੈ, ਜੋ ਕਿ ਗੈਰ-ਸਿਹਤਮੰਦ ਜੀਵਨ ਸ਼ੈਲੀ ਦੀਆਂ ਆਦਤਾਂ ਦਾ ਨਤੀਜਾ ਹੈ।

ਹਾਈਪਰਟੈਨਸ਼ਨ ਵਿਸ਼ਵ ਪੱਧਰ ‘ਤੇ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ ਜਿਸ ਕਰਕੇ ਲਗਭਗ 10.5 ਮਿਲੀਅਨ ਮੌਤਾਂ ਹੋਈਆਂ ਹਨ ਅਤੇ ਇਹ ਸਭ ਤੋਂ ਵੱਡਾ ਪ੍ਰੀਵੈਂਟੇਬਲ ਰਿਸਕ ਫੈਕਟਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਈਪਰਟੈਨਸ਼ਨ ਦਾ ਪ੍ਰਚਲਨ 37.7 (ਐਨ.ਐਫ.ਐਚ.ਐਸ.-5) ਹੈ, ਜੋ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਵੱਡੀ ਗਿਣਤੀ ਆਬਾਦੀ ਹਾਈਪਰਟੈਨਸ਼ਨ ਨਾਲ ਪ੍ਰਭਾਵਿਤ ਹੈ।

ਪ੍ਰੀਵੈਂਟਿਵ ਅਤੇ ਪ੍ਰੋਮੋਟਿਵ ਹੈਲਥ ਦੀ ਗੱਲ ਕਰਦਿਆਂ ਡਾ. ਤ੍ਰਿਖਾ ਨੇ ਦੱਸਿਆ ਕਿ ਪੰਜਾਬ ਨੇ ਆਈ.ਐਚ.ਸੀ.ਆਈ. ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਹੈ ਕਿਉਂਕਿ ਬੀਪੀ ਕੰਟਰੋਲ ਸਬੰਧੀ 62 ਫੀਸਦ ਮਰੀਜ਼ ਰਿਪੋਰਟ ਕੀਤੇ ਗਏ ਹਨ। ਉਨ੍ਹਾਂ ਨੇ ਭਾਗੀਦਾਰਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀਆਂ ਆਦਤਾਂ ਅਪਣਾ ਕੇ ਆਪਣੇ ਵਿਹਾਰ ਨੂੰ ਬਦਲਣ ਅਤੇ ਅਜਿਹੀਆਂ ਆਦਤਾਂ ਬਾਰੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਲਈ ਮਿਲ ਕੇ ਕੰਮ ਕਰਨ ਵਾਸਤੇ ਕਿਹਾ। ਉਨ੍ਹਾਂ ਕਿਹਾ ਕਿ ਖੁਰਾਕ ਵਿੱਚ ਮਿਲਟਸ ਦੀ ਵਰਤੋਂ ਕਰਨ ਅਤੇ ਤੰਬਾਕੂ ਅਤੇ ਸ਼ਰਾਬ ਤੋਂ ਦੂਰ ਰਹਿਣ ਨੂੰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਡਾ. ਆਦਰਸ਼ਪਾਲ ਕੌਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਭਾਗ ਵਿੱਚ ਮੈਡੀਕਲ ਅਫ਼ਸਰ ਤੋਂ ਲੈ ਕੇ ਆਸ਼ਾ ਪੱਧਰ ਤੱਕ ਹਰ ਕੋਈ ਆਈ.ਐਚ.ਸੀ.ਆਈ. ਬਾਰੇ ਚੰਗੀ ਤਰ੍ਹਾਂ ਜਾਣੂੰ ਹੋਵੇ। ਉਨ੍ਹਾਂ ਸਟਾਫ਼ ਨੂੰ ਕਿਹਾ ਕਿ ਉਹ ਸਬੰਧਤ ਮਰੀਜ਼ ਨੂੰ ਨਿਯਮਤ ਤੌਰ ‘ਤੇ ਦਵਾਈ ਲੈਣ ਵਾਸਤੇ ਪ੍ਰੇਰਿਤ ਕਰਨ ਲਈ, ਇਸ ਪਹਿਲਕਦਮੀ ਸਬੰਧੀ ਆਈ.ਈ.ਸੀ. ਗਤੀਵਿਧੀਆਂ ਨੂੰ ਤੇਜ਼ ਕਰਨ।

ਸਹਾਇਕ ਡਾਇਰੈਕਟਰ ਕਮ ਸਟੇਟ ਪ੍ਰੋਗਰਾਮ ਅਫਸਰ ਐਨਪੀ-ਐਨਸੀਡੀ ਡਾ. ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਹਾਈਪਰਟੈਨਸ਼ਨ ਦੇ ਵਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਜਨਵਰੀ-2018 ਵਿੱਚ ਭਾਰਤੀ ਹਾਈਪਰਟੈਨਸ਼ਨ ਕੰਟਰੋਲ ਪਹਿਲਕਦਮੀ (ਆਈ.ਐਚ.ਸੀ.ਆਈ.) ਨੂੰ ਪਹਿਲੇ ਪੜਾਅ ਵਿੱਚ ਲਾਗੂ ਕਰਨ ਵਾਲਾ ਪਹਿਲਾ ਰਾਜ ਸੀ।

ਉਨ੍ਹਾਂ ਕਿਹਾ ਕਿ ਆਈ.ਐਚ.ਸੀ.ਆਈ. ਵਿੱਚ ਕੀਤੀਆਂ ਗਈਆਂ ਮੁੱਖ ਗਤੀਵਿਧੀਆਂ ਵਿੱਚ ਹਾਈਪਰਟੈਨਸ਼ਨ ਟ੍ਰੀਟਮੈਂਟ ਪ੍ਰੋਟੋਕੋਲ ਜਾਰੀ ਕਰਨਾ, ਦਵਾਈਆਂ ਦੀ ਉਪਲਬਧਤਾ, ਘਰ ਦੇ ਨੇੜੇ ਰਜਿਸਟ੍ਰੇਸ਼ਨ, ਟ੍ਰੀਟਮੈਂਟ ਆਊਟਕਮ- ਆਸ਼ਾ ਵਰਕਰਜ਼ ਦੁਆਰਾ ਫਾਲੋ-ਅੱਪ, ਟਾਸਕ ਸ਼ੇਅਰਿੰਗ-ਡੀਸੈਂਟਰਲਾਈਜੇਸ਼ਨ, ਮੋਨੀਟਰਿੰਗ-ਇਨਫਾਰਮੇਟਿਕਸ, ਸਮੀਖਿਆ ਮੀਟਿੰਗਾਂ ਸ਼ਾਮਲ ਹਨ।
ਵਰਕਸ਼ਾਪ ਦੌਰਾਨ ਐਸ.ਐਮ.ਓ ਕਲਾਨੌਰ ਡਾ. ਲਖਵਿੰਦਰ ਸਿੰਘ ਨੂੰ ਆਪਣੇ ਬਲਾਕ ਵਿੱਚ ਆਈ.ਐਚ.ਸੀ.ਆਈ. ਦਾ ਸਫਲ ਮਾਡਲ ਲਾਗੂ ਕਰਨ ਲਈ ਸਨਮਾਨਿਤ ਕੀਤਾ ਗਿਆ। ਭਾਗੀਦਾਰਾਂ ਦੁਆਰਾ ਬਲੱਡ ਪ੍ਰੈਸ਼ਰ ਮੈਜਰਮੈਂਟ ਡੈਮੋ, ਟ੍ਰੀਟਮੈਂਟ ਪ੍ਰੋਟੋਕੋਲ ਬਾਰੇ ਚਰਚਾ ਅਤੇ ਫੀਲਡ ਦੇ ਤਜ਼ਰਬੇ ਸਾਂਝੇ ਕੀਤੇ ਗਏ।

ਇਸ ਸਿਖਲਾਈ ਵਰਕਸ਼ਾਪ ਵਿੱਚ ਪੀ.ਓ (ਐਨਪੀ-ਐਨਸੀਡੀ) ਡਾ. ਆਸ਼ੂ, ਸਟੇਟ ਕੰਸਲਟੈਂਟ ਆਈ.ਐਚ.ਸੀ.ਆਈ. ਡਾ. ਨਵਨੀਤ, ਸੀ.ਵੀ.ਐਚ.ਓਜ਼ ਡਾ. ਬਿਦਿਸ਼ਾ, ਡਾ. ਤ੍ਰਿਸ਼ਨਾ, ਜ਼ਿਲ੍ਹਿਆਂ ਦੇ ਡੀ.ਐਫ.ਡਬਲਿਊ.ਓਜ਼, ਐਸ.ਟੀ.ਐਸਜ਼ ਅਤੇ ਡੀ.ਪੀ.ਐਮਜ਼ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here