ਤਿੰਨ ਦਿਨ ਚੱਲੇ ਡਾਕਟਰੀ ਕੈਂਪ ਦਾ ਹਜ਼ਾਰਾਂ ਮਰੀਜ਼ਾਂ ਨੇ ਲਾਭ ਲਿਆ_ਜਸਦੀਪ ਸਿੰਘ ਜੱਸੀ
ਵਾਸ਼ਿੰਗਟਨ ਡੀ.ਸੀ. 10 ਮਾਰਚ (ਰਾਜ ਗੋਗਨਾ)-ਸਿੱਖਸ ਆਫ਼ ਅਮੈਰਿਕਾ ਵਲੋਂ ਹੋਲਾ ਮਹੱਲਾ ਸਮਾਗਮਾਂ ’ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 6,7,8 ਮਾਰਚ 2023 ਨੂੰ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਲੋੜਵੰਦ ਸੰਗਤਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਨੇ ਦੱਸਿਆ ਸਾਡੀ ਸੰਸਥਾ ਦੇ ਪ੍ਰਧਾਨ ਸ੍ਰ. ਕਮਲਜੀਤ ਸਿੰਘ ਸੋਨੀ ਖੁਦ ਕੈਂਪ ਦੇ ਪ੍ਰਬੰਧਾਂ ਦੀ ਦੇਖ ਰੇਖ ਲਈ ਸ੍ਰੀ ਅਨੰਦਪੁਰ ਸਾਹਿਬ ਗਏ। ਕੈਂਪ ਦੀ ਸਮਾਪਤੀ ਤੋਂ ਬਾਅਦ ਸ੍ਰ. ਕਮਲਜੀਤ ਸਿੰਘ ਸੋਨੀ ਨੇ ਕੈਂਪ ਵਿਚ ਸੇਵਾ ਕਰਨ ਵਾਲੇ ਡਾਕਟਰਾਂ, ਨਰਸਾਂ ਅਤੇ ਹੋਰ ਸੇਵਾਦਾਰਾਂ ਦਾ ਸਿੱਖਸ ਆਫ ਅਮੈਰਿਕਾ ਵਲੋਂ ਧੰਨਵਾਦ ਕਰਦਿਆਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਉਹਨਾਂ ਦੱਸਿਆ ਕਿ ਇਸ ਕੈਂਪ ਦੀ ਕਾਮਯਾਬੀ ਵਿਚ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਆਲ ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ ਦਾ ਵੱਡਾ ਸਹਿਯੋਗ ਰਿਹਾ। ਸ੍ਰ. ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਇਸ ਕੈਂਪ ਦਾ ਹਜ਼ਾਰਾਂ ਸੰਗਤਾਂ ਨੇ ਲਾਭ ਲਿਆ। ਸ੍ਰ. ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਵਿਚ ਇਸ ਤੋਂ ਵੀ ਵੱਡੇ ਡਾਕਟਰੀ ਕੈਂਪ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਇਸ ਕੈਂਪ ਵਿਚ ਵਿਚ ਡਾ. ਰਾਮਾ ਸਹਿਗਲ, ਡਾ. ਅਸ਼ੋਕ ਸਹਿਗਲ ਅਤੇ ਡਾ. ਅਨਿਲ ਕਪੂਰ ਵਰਗੇ ਕੁਆਲੀਫਾਈ ਡਾਕਟਰਾਂ ਨੇ ਸੰਗਤਾਂ ਨੂੰ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਕੈਂਪ ਲਈ ਸ੍ਰੀ ਅਨੰਦਪੁਰ ਸਾਹਿਬ ਕਮੇਟੀ ਨੇ ਵੀ ਸਿੱਖਸ ਆਫ ਅਮੈਰਿਕਾ ਦਾ ਧੰਨਵਾਦ ਕੀਤਾ।
Boota Singh Basi
President & Chief Editor