ਸਿੱਖਾਂ ਬਾਰੇ ਬਿਆਨ ਦੇਣ ਤੋ ਪਹਿਲਾਂ ਆਪਣੇ ਪਰਿਵਾਰ ਵੱਲੋਂ ਢਾਏ ਤਸ਼ੱਦਦ ਨੂੰ ਯਾਦ ਕਰਨ ਰਾਹੁਲ ਗਾਂਧੀ-ਢੀਂਡਸਾ

0
222

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਭਾਰਤ ਵਿਚ ਸਿੱਖ ਨਾ ਕਦੇ ਦੂਜੇ ਦਰਜੇ ਦੇ ਨਾਗਰਿਕ ਸੀ ਅਤੇ ਨਾ ਹੀ ਕਦੇ ਦੂਜੇ ਦਰਜੇ ਦੇ ਨਾਗਰਿਕ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਵਿਚ ਸਬ ਤੋਂ ਵੱਡਾ ਯੋਗਦਾਨ ਸਿੱਖਾਂ ਦਾ ਹੈ ਅਤੇ ਉਹ ਦੇਸ਼ ਦੀਆਂ ਸਰਹੱਦਾਂ ਦੀ ਪੂਰੀ ਬਹਾਦਰੀ ਨਾਲ ਰੱਖਿਆ ਕਰ ਰਹੇ ਹਨ। ਸਿੱਖ ਭਾਰਤ ਦੀ ਏਕੇਤਾ ਅਤੇ ਅਖੰਡਤਾ ਪ੍ਰਤੀ ਦ੍ਰਿੜ ਹਨ ਅਤੇ ਉਹ ਭਾਰਤ ਵਿਚ ਬਰਾਬਰ ਦੇ ਨਾਗਰਿਕ ਹਨ।

ਇਹ ਗੱਲ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵਲੋਂ ਬ੍ਰਿਟੇਨ ਦੀ ਕੈਂਬਰਿਜ਼ ਯੂਨੀਵਰਸਿਟੀ ਵਿਖੇ ਆਪਣੇ ਸੰਬੋਧਨ ਵਿਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਵਜੋਂ ਪੇਸ਼ ਕਰਨ ਦੀ ਕੋਸਿਸ ਦੇ ਦਿੱਤੇ ਬਿਆਨ ਵਿਰੁੱਧ ਪ੍ਰਤੀਕਰਮ ਵਜੋਂ ਕਹੀ।

ਢੀਂਡਸਾ ਨੇ ਕਿਹਾ ਕਿ ਇਸ ਦੇ ਉਲਟ ਗਾਂਧੀ ਪਰਿਵਾਰ ਨੇ ਸਿੱਖਾਂ ਨੂੰ ਨਾ ਸਿਰਫ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਸਗੋਂ ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਨਾਲ ਫੌਜੀ ਹਮਲਾ ਕਰਵਾਇਆ। ਇਸ ਦੌਰਾਨ ਦੇਸ਼ ਦੇ ਹਰੇਕ ਖੇਤਰ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਅਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਸਿੱਖਾਂ ਤੇ ਹੋਏ ਇਸ ਤਸ਼ੱਦਦ ਲਈ ਸਿੱਧੇ ਤੌਰ ਤੇ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਅਤੇ ਉਨ੍ਹਾ ਦੇ ਪਿਤਾ ਰਾਜੀਵ ਗਾਂਧੀ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜਦੋਂ ਗਾਂਧੀ ਪਰਿਵਾਰ ਵਲੋਂ ਸਿੱਖਾਂ ਤੇ ਇਨਾਂ ਤਸ਼ੱਦਦ ਢਾਇਆ ਗਿਆ ਹੋਵੇ, ਉਥੇ ਰਾਹੁਲ ਗਾਂਧੀ ਵੱਲ ਕਿਸੇ ਹੋਰ ਦਾ ਹਵਾਲਾ ਦੇਕੇ ਸਿੱਖਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਦਰਸ਼ਾਉਣ ਦੀ ਕੋਸਿਸ ਕਰਨਾ ਉਸਦੀ ਸੋੜੀ ਮਾਨਸਿਕਤਾ ਅਤੇ ਕੋਝੀ ਰਾਜਨੀਤੀ ਦਾ ਸਬੂਤ ਹੈ। ਢੀਂਡਸਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਦੇ ਬਿਆਨ ਦਿੰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ ਅਤੇ ਉਹ ਸਿੱਖਾਂ ਅਤੇ ਮੁਸਲਮਾਨਾਂ ਦੇ ਨਾਮ ਤੇ ਸਿਆਸਤ ਕਰਨੀ ਬੰਦ ਕਰਨ।

LEAVE A REPLY

Please enter your comment!
Please enter your name here