* ਸਿੱਖਿਆ ਮੰਤਰੀ ਵੱਲੋਂ ਦਿਵਾਲੀ ਮੌਕੇ ਦਿੱਤਾ ਭਰੋਸਾ ਬਣਿਆ ਲਾਰਾ
* 16 ਦਿਨਾਂ ਤੋਂ ਸਰਦੀ ’ਚ ਟੈਂਕੀ ਉੱਤੇ ਡਟੇ ਹਨ ਦੋ ਬੇਰੁਜ਼ਗਾਰ
ਜਲੰਧਰ, (ਦਲਜੀਤ ਕੌਰ ਭਵਾਨੀਗੜ੍ਹ) -ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰ ਰਹੇ ਸੂਬੇ ਦੇ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਸ਼ਹਿਰ ਜਲੰਧਰ ਵਿਖੇ ਪਿਛਲੀ 28 ਅਕਤੂਬਰ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ ਅਤੇ ਇੱਥੇ ਹੀ ਅੰਤਰਰਾਜੀ ਬੱਸ ਸਟੈਂਡ ਵਿੱਚ 2 ਬੇਰੁਜ਼ਗਾਰ ਮੁਨੀਸ਼ ਫਾਜ਼ਿਲਕਾ ਅਤੇ ਜਸਵੰਤ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੇ ਹੋਏ ਹਨ। ਅੱਜ ਸਵੇਰ ਤੋਂ ਹੀ ਪੰਜਾਬ ਭਰ ‘ਚੋਂ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਇੱਥੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦੇ ਹੋਏ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਵੱਲ ਰੋਸ ਮਾਰਚ ਸੁਰੂ ਕੀਤਾ। ਜਦ ਬੇਰੁਜ਼ਗਾਰ ਰੋਸ ਮਾਰਚ ਕਰਕੇ ਬੇਰੁਜ਼ਗਾਰ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਰਿਹਾਇਸ਼ ਬਿਲਕੁਲ ਨਜ਼ਦੀਕ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਬੇਰੁਜ਼ਗਾਰ ਜੋ ਸ਼ਾਂਤੀ ਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਸਨ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਬਰਦਸਤ ਧੱਕਾ-ਮੁੱਕੀ ਕੀਤੀ ਗਈ। ਜਿਸ ਤੋਂ ਬਾਅਦ ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਰਿਹਾਇਸ਼ ਅੱਗੇ ਹੀ ਧਰਨਾ ਸੁਰੂ ਕਰ ਦਿੱਤਾ। ਇਸ ਮੌਕੇ ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ, ਸੰਦੀਪ ਗਿੱਲ, ਰਸਪਾਲ ਸਿੰਘ, ਜਨਰਲ ਸਕੱਤਰ ਗਗਨਦੀਪ ਕੌਰ ਭਵਾਨੀਗੜ੍ਹ ਨੇ ਕਿਹਾ ਕਿ ਸਰਕਾਰ ਲਾਰੇ ਲਾ ਕੇ ਸਮਾਂ ਟਪਾਉਣ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੜਕਾਂ ’ਤੇ ਆ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੀ ਢਿੱਲਵਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੱਤਾ ਪ੍ਰਾਪਤੀ ਕਰਨ ਲਈ ਬੇਰੁਜ਼ਗਾਰਾਂ ਨਾਲ ਘਰ-ਘਰ ਰੁਜ਼ਗਾਰ ਦੇਣ ਅਤੇ ਬੇਰੁਜ਼ਗਾਰੀ ਦੀ ਹਾਲਤ ਵਿਚ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਕਾਂਗਰਸ ਸਰਕਾਰ ਨਾ-ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਬੇਰੁਜ਼ਗਾਰਾਂ ਨਾਲ ਕੀਤੇ ਗਏ ਘਰ-ਘਰ ਰੁਜ਼ਗਾਰ ਦੇ ਵਾਅਦੇ ਤਹਿਤ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਦੀਆਂ 9000 ਅਸਾਮੀਆਂ ਦਾ ਇਸਤਿਹਾਰ ਜਾਰੀ ਨਹੀਂ ਕਰਦੀ ਅਤੇ ਯੂਨੀਅਨ ਦੀਆਂ ਬਾਕੀ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਦ ਤੱਕ ਬੇਰੁਜ਼ਗਾਰਾਂ ਦਾ ਸੰਘਰਸ਼ ਜਾਰੀ ਰਹੇਗਾ। ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਜੋੜੀ ਵਾਂਗ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਵਾਅਦੇ ਵੀ ਬੇਰੁਜ਼ਗਾਰ ਬੀ ਐੱਡ ਟੈਟ ਪਾਸ ਅਧਿਆਪਕਾਂ ਲਈ ਲਾਰੇ ਸਾਬਤ ਹੋ ਰਹੇ ਹਨ। ਇਸ ਮੌਕੇ ਬੇਰੁਜ਼ਗਾਰ ਆਗੂਆਂ ਨੇ ਦੱਸਿਆ ਕਿ ਇਸ ਦਿਵਾਲੀ ਮੌਕੇ 4 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰਾਂ ਨੂੰ ਸਿੱਖਿਆ ਮੰਤਰੀ ਨੇ ਖੁਦ ਬਾਹਰ ਧਰਨੇ ਵਿੱਚ ਆ ਕੇ ਭਰੋਸਾ ਦਿੱਤਾ ਸੀ ਕਿ 9-10 ਨਵੰਬਰ ਤੱਕ ਮਾਸਟਰ ਕੇਡਰ ਦੀਆਂ ਅਸਾਮੀਆਂ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਲਈ ਹੋਣ ਵਾਲੀ ਭਰਤੀ ਤੋਂ ਯੂਨੀਅਨ ਨੂੰ ਚੰਡੀਗੜ੍ਹ ਬੁਲਾ ਕੇ ਜਾਣੂ ਕਰਵਾ ਦਿੱਤਾ ਜਾਵੇਗਾ, ਪ੍ਰੰਤੂ ਅੱਤ ਦੀ ਖੱਜਲ-ਖ਼ੁਆਰੀ ਝੱਲਣ ਮਗਰੋਂ ਵੀ ਸਿੱਖਿਆ ਮੰਤਰੀ ਨੇ ਬੇਰੁਜ਼ਗਾਰਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਇਸ ਮੌਕੇ ਕਿਰਨ ਈਸੜਾ, ਪ੍ਰਿਤਪਾਲ ਕੌਰ, ਗੁਰਪ੍ਰੀਤ ਬਠਿੰਡਾ, ਬਲਕਾਰ ਮਾਨਸਾ, ਕੁਲਵੰਤ ਸਿੰਘ, ਦਿਲਵਾਗ ਲੰਬੀ, ਵੀਰਪਾਲ ਕੌਰ, ਸੱਤਪਾਲ ਬੱਲਰਾਂ, ਮੰਨੋ ਪਟਿਆਲਾ, ਗਗਨ ਫਰੀਦਕੋਟ, ਜਸਵਿੰਦਰ ਕੌਰ, ਹਰਦੀਪ ਮਲੇਰਕੋਟਲਾ, ਹਰਪ੍ਰੀਤ ਫਿਰੋਜਪੁਰ, ਅਮਨ ਬਠਿੰਡਾ, ਇੰਦਰਾਜ, ਗੁਰਪ੍ਰੀਤ ਖੰਨਾ ਤੇ ਅਮਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਦਿ ਸਮੇਤ ਵੱਡੀ ਗਿਣਤੀ ਚ ਬੇਰੁਜ਼ਗਾਰ ਹਾਜਰ ਸਨ। ਉੱਧਰ ਅੱਜ ਬੱਸ ਸਟੈਂਡ ਵਿਖੇ ਟੈੰਕੀ ਕੋਲ ਚੱਲ ਰਹੇ ਪੱਕੇ ਮੋਰਚੇ ਦੇ 15ਵੇਂ ਦਿਨ ਬਲਜਿੰਦਰ ਗਿਲਜੇਵਾਲਾ, ਬਲਵਿੰਦਰ ਬਠਿੰਡਾ, ਸੰਦੀਪ ਰਾਮਸਰ, ਬੱਬਲਜੀਤ ਬਠਿੰਡਾ ਅਤੇ ਰਾਜਕਿਰਨ ਗੋਨਿਆਨਾ ਨੇ ਭੁੱਖ ਹੜਤਾਲ ਕੀਤੀ।
Boota Singh Basi
President & Chief Editor