ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਅੱਗੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਲਗਾਤਾਰ ਤੀਸਰੇ ਦਿਨ ਧੱਕਾਮੁੱਕੀ

0
490

ਜਲੰਧਰ, (ਦਲਜੀਤ ਕੌਰ ਭਵਾਨੀਗੜ੍ਹ)-ਪਿਛਲੇ ਤਿੰਨ ਦਿਨਾਂ ਤੋਂ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੀ ਸਥਾਨਕ ਦਸਮੇਸ਼ ਨਗਰ ਵਿੱਚ ਰਿਹਾਇਸ਼ ਦੇ ਸਾਹਮਣੇ ਪੁਲਿਸ ਅਤੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵਿਚਕਾਰ ਬੀਤੇ ਦਿਨ ਫੇਰ ਲਗਾਤਾਰ ਤੀਜੇ ਦਿਨ ਧੱਕਾਮੁੱਕੀ ਹੋਈ। ਦੱਸਣਯੋਗ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਦੇ ਪਰਸੋਂ 23 ਨਵੰਬਰ ਦੇ ਜ਼ਬਰਦਸਤ ਰੋਸ ਪ੍ਰਦਰਸ਼ਨ ਮੌਕੇ ਬੇਰੁਜ਼ਗਾਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ 24 ਨਵੰਬਰ ਨੂੰ ਸਿੱਖਿਆ ਮੰਤਰੀ ਬੇਰੁਜ਼ਗਾਰਾਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਨਗੇ। ਇਸ ਭਰੋਸੇ ਮਗਰੋਂ ਬੇਰੁਜ਼ਗਾਰ ਵਾਪਿਸ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਕੋਲ ਚੱਲਦੇ ਪੱਕੇ ਮੋਰਚੇ ਵਿੱਚ ਪਰਤ ਗਏ ਸਨ, ਪ੍ਰੰਤੂ ਕੱਲ੍ਹ 24 ਨਵੰਬਰ ਨੂੰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵਿਚਕਾਰ ਕੋਈ ਮੀਟਿੰਗ ਨਾ ਹੋਣ ਤੋਂ ਖ਼ਫ਼ਾ ਹੋਏ ਬੇਰੁਜ਼ਗਾਰਾਂ ਨੇ ਬੀਤੇ ਕੱਲ੍ਹ ਸਵੇਰ ਮੁੜ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਫੇਰ ਪੁਲਿਸ ਨਾਲ ਜ਼ਬਰਦਸਤ ਝੜਪਾਂ ਹੋਈਆਂ ਸਨ। ਇਸ ਦੌਰਾਨ ਕਈ ਬੇਰੁਜ਼ਗਾਰਾਂ ਦੀਆਂ ਦਸਤਾਰਾਂ ਲੱਥੀਆਂ ਸਨ ਅਤੇ ਕੁਝ ਬੇਰੁਜ਼ਗਾਰ ਮਹਿਲਾ ਅਧਿਆਪਕਾਂ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ। ਇਸ ਦੌਰਾਨ ਕੱਲ੍ਹ ਦੇਰ ਰਾਤ ਕੁੱਝ ਬੇਰੁਜ਼ਗਾਰ ਪੁਲਿਸ ਰੋਕਾਂ ਲੰਘ ਕੇ ਅਤੇ ਕੁਝ ਕੋਠੀ ਦੇ ਪਿਛਲੇ ਰਸਤੇ ਰਾਹੀਂ ਕੋਠੀ ਨਜਦੀਕ ਪਹੁੰਚਣ ਵਿਚ ਸਫਲ ਹੋ ਗਏ ਸਨ। ਕਰੀਬ 4-5 ਵਾਰ ਧੱਕਾਮੁੱਕੀ ਹੋਣ ਮਗਰੋਂ ਆਖਿਰ ਦੇਰ ਰਾਤ ਨੂੰ ਬੇਰੁਜ਼ਗਾਰ ਕੋਠੀ ਕੋਲ ਹੀ ਬੈਠ ਗਏ ਸਨ। ਪੁਲਿਸ ਪ੍ਰਸ਼ਾਸ਼ਨ ਦੇ ਵਾਰ-ਵਾਰ ਸਮਝਾਉਣ ਮਗਰੋਂ ਵੀ ਬੇਰੁਜ਼ਗਾਰ ਰਾਤ ਭਰ ਕੋਠੀ ਕੋਲ ਬੈਠੇ ਰਹੇ ਅਤੇ ਦਿਨ ਚੜ੍ਹਦੇ ਹੀ ਰੋਕਾਂ ਪਾਰ ਕਰਨ ਦੀ ਚਿਤਾਵਨੀ ਦੇ ਦਿੱਤੀ। ਸਰਕਾਰ ਵੱਲੋਂ ਕੋਈ ਭਰੋਸਾ ਨਾ ਆਉਣ ਤੋਂ ਔਖੇ ਬੇਰੁਜ਼ਗਾਰਾਂ ਨੇ ਕਰੀਬ 11-30 ਵਜੇ ਅਚਾਨਕ ਕੋਠੀ ਨੇੜਲੇ ਖਾਲੀ ਪਲਾਟ ਰਾਹੀਂ ਮੰਤਰੀ ਦੇ ਦਫਤਰ ਵੱਲ ਨੂੰ ਧਾਵਾ ਬੋਲ ਦਿੱਤਾ। ਪੁਲਿਸ ਨੂੰ ਭਾਜੜਾਂ ਪੈ ਗਈਆਂ, ਪਰ ਬੇਰੁਜ਼ਗਾਰ ਕੋਠੀ ਅਤੇ ਦਫ਼ਤਰ ਦੇ ਸਾਹਮਣੇ ਤੱਕ ਪੁੱਜਣ ਵਿੱਚ ਸਫਲ ਹੋ ਗਏ, ਜਿੱਥੇ ਤਾਇਨਾਤ ਪੁਲਿਸ ਮੁਲਾਜਮਾਂ ਨੇ ਬੇਰੁਜ਼ਗਾਰਾਂ ਨੂੰ ਚੁੱਕ ਕੇ ਮਿੱਠਾਪੁਰ ਰੋਡ ਵਾਲੇ ਪਾਸੇ ਵੱਲ ਲੱਗੀਆਂ ਪੁਲਿਸ ਰੋਕਾਂ ਕੋਲ ਲਿਆਂਦਾ ਗਿਆ। ਅੱਜ ਆਖਿਰ ਲੰਬੀ ਕਸ਼ਮਕਸ਼ ਮਗਰੋਂ ਸਿੱਖਿਆ ਮੰਤਰੀ ਦੇ ਸਕੱਤਰ ਨੇ 28 ਨਵੰਬਰ ਨੂੰ ਬੇਰੁਜ਼ਗਾਰਾਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਨ ਦੀ ਅਪੀਲ ਕੀਤੀ। ਜਿਸ ਮਗਰੋਂ ਬੇਰੁਜ਼ਗਾਰ ਵਾਪਿਸ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਕੋਲ ਚੱਲਦੇ ਪੱਕੇ ਮੋਰਚੇ ਕੋਲ ਪਰਤ ਗਏ। ਯੂਨੀਅਨ ਆਗੂਆਂ ਅਮਨਦੀਪ ਸੇਖਾ ਅਤੇ ਸੰਦੀਪ ਗਿੱਲ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਿੱਖਿਆ ਮੰਤਰੀ ਅਨੇਕਾਂ ਵਾਰ ਭਰੋਸ਼ਾ ਦੇ ਕੇ ਮੁੱਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ 28 ਨਵੰਬਰ ਨੂੰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਸਮੇਤ ਭਰਤੀ ਦਾ ਇਸ਼ਤਿਹਾਰ ਜਾਰੀ ਨਾ ਹੋਣ ਦੀ ਸੂਰਤ ਵਿੱਚ ਮੁੜ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉੱਧਰ 28 ਅਕਤੂਬਰ ਤੋਂ ਮੁਨੀਸ਼ ਫਾਜ਼ਿਲਕਾ ਅਤੇ ਜਸਵੰਤ ਘੁਬਾਇਆ ਜਿਉਂ ਦੀ ਤਿਉਂ ਟੈਂਕੀ ਉੱਤੇ ਬੈਠੇ ਹੋਏ ਹਨ ਅਤੇ ਟੈਂਕੀ ਹੇਠਾਂ ਲਗਾਤਾਰ ਧਰਨਾ ਅਤੇ ਭੁੱਖ ਹੜਤਾਲ ਜਾਰੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਾਂਗਰਸ ਦੇ ਘਰ-ਘਰ ਰੁਜ਼ਗਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਵਾਲੇ ਚੋਣ ਵਾਅਦੇ ਤੋਂ ਮੁੱਕਰਨ ਦੇ ਦੋਸ਼ ਲਗਾਏ। ਇਸ ਮੌਕੇ ਬਲਰਾਜ ਫਰੀਦਕੋਟ, ਕੁਲਵੰਤ ਲੌਂਗੋਵਾਲ, ਲਖਵਿੰਦਰ ਮੁਕਤਸਰ, ਰਸ਼ਪਾਲ ਜਲਾਲਾਬਾਦ, ਬਲਕਾਰ ਮਾਨਸਾ, ਗੁਰਪ੍ਰੀਤ ਸਿੰਘ ਬਠਿੰਡਾ, ਸੰਦੀਪ ਮੋਫਰ, ਸੁਖਜੀਤ ਮੱਤ, ਹਰਮੇਸ਼ ਥਲੇਸ਼, ਰਾਜਵੀਰ ਕੌਰ, ਕਿਰਨ ਈਸੜਾ, ਜਸਵਿੰਦਰ ਕੌਰ, ਸੰਦੀਪ ਕੌਰ ਸ਼ੇਰਪੁਰ, ਇੰਦਰਾਜ, ਵਿਕਰਮ ਅਬੋਹਰ, ਨਿਸ਼ੂ, ਰੇਖਾ, ਅਨੀਤਾ, ਗੁਰਵੀਰ ਮੰਗਵਾਲ, ਅਵਤਾਰ ਭੁੱਲਰਹੇੜੀ, ਮਨਦੀਪ ਭੱਦਲਵੱਢ, ਰਾਜਕਿਰਨ, ਰੁਪਿੰਦਰ, ਅਮਨ ਬਠਿੰਡਾ, ਕਰਮਜੀਤ ਕੌਰ, ਬਲਜੀਤ ਕੌਰ, ਬੱਬਲਜੀਤ ਕੌਰ, ਕੁਲਵਿੰਦਰ ਕੌਰ, ਨਵਜੋਤ ਕੌਰ, ਸ਼ਬੀਨਾ, ਕੁਲਵਿੰਦਰ ਕੌਰ, ਸੁਨੀਤਾ ਰਾਣੀ, ਵੀਨਾ ਰਾਣੀ, ਬਲਕਾਰ ਬੁਢਲਾਡਾ, ਅਮਰੀਕ ਬੋਹਾ, ਮਨਦੀਪ ਕੌਰ ਬੋਹਾ, ਰੇਖਾ ਬੋਹਾ, ਕੁਲਵਿੰਦਰ ਕੌਰ ਬੋਹਾ, ਮਨਦੀਪ ਕੌਰ ਬੋਹਾ, ਵੀਰਪਾਲ ਕੌਰ ਟਾਹਲੀਆਂ, ਵੀਰਪਾਲ ਸ਼ਰਮਾ ਫਰੀਦਕੋਟ, ਚੰਨਾ ਸਿੰਘ, ਲਵਪ੍ਰੀਤ ਕੌਰ ਮੁਕਤਸਰ, ਪਰਮਜੀਤ ਕੌਰ ਮੁਕਤਸਰ, ਨੀਲਮ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here