ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਬੇਰੁਜ਼ਗਾਰ ਲੈਕਚਰਾਰ ਯੂਨੀਅਨ ਵਿਚਕਾਰ ਮੀਟਿੰਗ
ਮੰਤਰੀ ਵੱਲੋਂ ਜਲਦ ਭਰਤੀ ਦਾ ਭਰੋਸਾ, ਇਸ਼ਤਿਹਾਰ ਜਲਦ ਜਾਰੀ ਨਾ ਹੋਇਆ ਤਾਂ ਕਰਾਂਗੇ ਤਿੱਖਾ ਸੰਘਰਸ਼: ਯੂਨੀਅਨ
ਦਲਜੀਤ ਕੌਰ
ਚੰਡੀਗੜ੍ਹ/ਸੰਗਰੂਰ, 23 ਅਗਸਤ, 2024:
343 ਬੇਰੁਜ਼ਗਾਰ ਲੈਕਚਰਾਰ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨਾਲ ਪੈੱਨਲ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੀਤੀ। ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੀ ਪ੍ਰਧਾਨ ਹਰਦੀਪ ਕੌਰ ਬਰਨਾਲਾ ਅਤੇ ਮੀਤ ਪ੍ਰਧਾਨ ਗਗਨਦੀਪ ਕੌਰ ਸੰਗਰੂਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਓਧਰ ਜਥੇਬੰਦੀ ਨੇ ਇਸ਼ਤਿਹਾਰ ਜਲਦ ਨਾ ਜਾਰੀ ਹੋਣ ‘ਤੇ ਯੂਨੀਅਨ ਆਗੂਆਂ ਨੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਜਾਂਦੇ-ਜਾਂਦੇ 8 ਜਨਵਰੀ, 2022 ਨੂੰ 343 ਲੈਕਚਰਾਰ ਅਸਾਮੀਆਂ ਜਾਰੀ ਕਰਕੇ ਗਈ ਸੀ, ਪ੍ਰੰਤੂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਭਰਤੀ ਨੂੰ ਸ਼ਰਤਾਂ ‘ਚ ਸੋਧ ਅਤੇ ਅਸਾਮੀਆਂ ‘ਚ ਵਾਧਾ ਕਰਕੇ ਪੂਰਾ ਤਾਂ ਕੀ ਕਰਨਾ ਸੀ, ਸਗੋਂ ਸੋਧ ਦਾ ਵਾਅਦਾ ਕਰਕੇ 6 ਨਵੰਬਰ, 2022 ਨੂੰ ਭਰਤੀ ਰੱਦ ਕਰ ਦਿੱਤੀ ਗਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਰਜ਼ਨਾਂ ਮੀਟਿੰਗਾਂ ਦੇ ਬਾਵਜੂਦ ਲਗਾਤਾਰ ਲਾਰੇ ਲਾ ਰਹੇ ਹਨ। ਸਰਕਾਰ ਦੀ ਲੱਗਭੱਗ ਅੱਧੀ ਟਰਮ ਪੂਰੀ ਹੋ ਗਈ ਅਤੇ ਸਰਕਾਰ ਇਸ ਭਰਤੀ ਲਈ ਜਰਾ ਵੀ ਫਿਕਰਮੰਦ ਨਹੀਂ ਹੈ, ਜਿਸ ਕਰਕੇ ਉਹਨਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟ ਗਿਆ ਹੈ, ਜਿਸ ਕਰਕੇ ਉਹਨਾਂ ਨੂੰ ਤਿੱਖੇ ਐਕਸ਼ਨ ਲਈ ਮਜ਼ਬੂਰ ਹੋਣਾ ਪੈ ਰਿਹਾ। ਦੋਵੇਂ ਆਗੂਆਂ ਨੇ ਮੁੜ ਗੁਹਾਰ ਲਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੱਲਬਾਤ ਕਰਨ ਅਤੇ ਲੈਕਚਰਾਰ ਅਸਾਮੀਆਂ ਸਬੰਧੀ ਇਸ਼ਤਿਹਾਰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।